ਮਜੀਠਾ ਨਕਲੀ ਸ਼ਰਾਬ ਮਾਮਲਾ: ਸਰਗਨਾ ਸਮੇਤ 10 ਦੋਸ਼ੀ ਗ੍ਰਿਫ਼ਤਾਰ, ਡੀਐਸਪੀ ਅਤੇ ਐਸਐਚਓ ਨੂੰ ਕੁਤਾਹੀ ਵਰਤਣ ਲਈ ਕੀਤਾ ਮੁਅੱਤਲ

Amritsar Politics Punjab

ਚੰਡੀਗੜ੍ਹ/ਅੰਮ੍ਰਿਤਸਰ, 13 ਮਈ:

ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਕਾਰਨ ਹੋਏ ਜਾਨੀ ਨੁਕਸਾਨ ਉਪਰੰਤ ਤੇਜ਼ੀ ਨਾਲ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਸ਼ਰਾਬ ਦੇ ਵਪਾਰ ਦੇ ਸਰਗਨਾ ਸਮੇਤ ਕਈ ਸਥਾਨਕ ਵਿਤਰਕਾਂ ਅਤੇ ਉਦਯੋਗਿਕ ਉਤਪਾਦਾਂ ਵਿੱਚ ਵਰਤੇ ਜਾਣ ਵਾਲੇ ਘਾਤਕ ਰਸਾਇਣ ਮੀਥੇਨੌਲ ਦੇ ਮੁੱਖ ਸਪਲਾਇਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਇਸ ਰੈਕੇਟ ਦੇ ਗ੍ਰਿਫ਼ਤਾਰ ਸਰਗਨਾ ਦੀ ਪਛਾਣ ਸਾਹਿਬ ਸਿੰਘ ਵਜੋਂ ਹੋਈ ਹੈ, ਜਦੋਂ ਕਿ ਮੀਥੇਨੌਲ ਦੇ ਮੁੱਖ ਸਪਲਾਇਰਾਂ ਦੀ ਪਛਾਣ ਲੁਧਿਆਣਾ ਦੇ ਸੁੱਖ ਐਨਕਲੇਵ ਵਿਖੇ ਸਾਹਿਲ ਕੈਮੀਕਲਜ਼ ਦੇ ਮਾਲਕ ਪੰਕਜ ਕੁਮਾਰ ਉਰਫ ਸਾਹਿਲ ਅਤੇ ਅਰਵਿੰਦ ਕੁਮਾਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਸਥਾਨਕ ਵਿਤਰਕਾਂ- ਜਿਨ੍ਹਾਂ ਦੀ ਪਛਾਣ ਪ੍ਰਭਜੀਤ ਸਿੰਘ ਅਤੇ ਕੁਲਬੀਰ ਸਿੰਘ ਵਜੋਂ ਹੋਈ ਹੈ ਅਤੇ ਸਥਾਨਕ ਵਿਕਰੇਤਾਵਾਂ -ਜਿਨ੍ਹਾਂ ਦੀ ਪਛਾਣ ਨਿੰਦਰ ਕੌਰ, ਸਾਹਿਬ ਸਿੰਘ, ਗੁਰਜੰਟ ਸਿੰਘ, ਅਰੁਣ ਉਰਫ਼ ਕਾਲਾ ਅਤੇ ਸਿਕੰਦਰ ਸਿੰਘ ਉਰਫ਼ ਪੱਪੂ ਵਜੋਂ ਹੋਈ ਹੈ, ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਰਗਨਾ ਸਾਹਿਬ ਸਿੰਘ ਵੱਲੋਂ ਆਨਲਾਈਨ ਖਰੀਦੇ ਗਏ ਮੀਥੇਨੌਲ ਕੈਮੀਕਲ ਦੀ ਵਰਤੋਂ ਨਕਲੀ ਸ਼ਰਾਬ ਬਣਾਉਣ ਲਈ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਮੁਕੰਮਲ ਤੌਰ ‘ਤੇ ਪਰਦਾਫਾਸ਼ ਕਰਨ ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਜਾਂਚ ਜਾਰੀ ਹੈ।

ਡੀਜੀਪੀ ਨੇ ਦੱਸਿਆ ਕਿ ਡੀਐਸਪੀ ਸਬ-ਡਵੀਜ਼ਨ ਮਜੀਠਾ ਅਮੋਲਕ ਸਿੰਘ ਅਤੇ ਐਸਐਚਓ ਥਾਣਾ ਮਜੀਠਾ ਐਸਆਈ ਅਵਤਾਰ ਸਿੰਘ ਨੂੰ ਆਪਣੀਆਂ ਡਿਊਟੀਆਂ ਵਿੱਚ ਕੁਤਾਹੀ ਵਰਤਣ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀਆਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ, “ਅਸੀਂ ਸਾਰੇ ਦੁੱਖ ਦੇ ਸਮੇਂ ਇੱਕਜੁੱਟ ਹਾਂ ਅਤੇ ਇਹ ਯਕੀਨੀ ਬਣਾਉਣ ਲਈ ਦ੍ਰਿੜ ਹਾਂ ਕਿ ਨਿਆਂ ਦਿੱਤਾ ਜਾਵੇ ਅਤੇ ਭਵਿੱਖ ਵਿੱਚ ਅਜਿਹੇ ਦੁਖਾਂਤਾਂ ਨੂੰ ਰੋਕਿਆ ਜਾਵੇ।”

ਸੀਨੀਅਰ ਸੁਪਰਡੈਂਟ ਪੁਲਿਸ ਆਫ (ਐਸਐਸਪੀ) ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸਥਾਨਕ ਵਿਤਰਕ ਪ੍ਰਭਜੀਤ ਸਿੰਘ ਨੇ ਸਰਗਨਾ ਸਾਹਿਬ ਸਿੰਘ ਤੋਂ 50 ਲੀਟਰ ਦੀ ਕੈਨੀ ਵਿੱਚ ਭਰਿਆ ਮੀਥੇਨੌਲ ਕੈਮੀਕਲ ਪ੍ਰਾਪਤ ਕੀਤਾ ਸੀ। ਪੁੱਛਗਿੱਛ ਦੌਰਾਨ, ਦੋਸ਼ੀ ਸਾਹਿਬ ਨੇ ਖੁਲਾਸਾ ਕੀਤਾ ਕਿ ਉਸਨੇ ਆਨਲਾਈਨ ਪਲੇਟਫਾਰਮ ਰਾਹੀਂ ਲੁਧਿਆਣਾ ਸਥਿਤ ਕੈਮੀਕਲ ਫਰਮ, ਸਾਹਿਲ ਕੈਮੀਕਲਜ਼ ਤੋਂ ਮੀਥੇਨੌਲ ਆਰਡਰ ਕੀਤਾ ਸੀ।

ਐਸਐਸਪੀ ਨੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਰਗਨਾ ਸਾਹਿਬ ਸਿੰਘ ਵੱਲੋਂ ਦਿੱਲੀ ਸਥਿਤ ਫਰਮ ਤੋਂ ਆਰਡਰ ਕੀਤੀ ਗਈ ਮੀਥੇਨੌਲ ਦੀ ਇੱਕ ਹੋਰ ਖੇਪ ਰਾਸਤੇ ਵਿੱਚ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਅਤੇ ਪੁਲਿਸ ਟੀਮਾਂ ਨੂੰ ਖੇਪ ਪਹੁੰਚਣ ‘ਤੇ ਇਸਨੂੰ ਪ੍ਰਾਪਤ ਕਰਨ ਅਤੇ ਜ਼ਬਤ ਕਰਨ ਲਈ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰੈਕੇਟ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਸ ਸਬੰਧੀ ਐਫਆਈਆਰ ਨੰਬਰ 42/25 ਥਾਣਾ ਮਜੀਠਾ ਵਿਖੇ ਅਤੇ ਐਫਆਈਆਰ ਨੰਬਰ 16/25 ਥਾਣਾ ਕੱਥੂਨੰਗਲ ਵਿਖੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 105 ਅਤੇ 103, ਆਬਕਾਰੀ ਐਕਟ ਦੀ ਧਾਰਾ 61ਏ ਅਤੇ ਐਸਸੀ/ਐਸਟੀ ਐਕਟ ਦੀ ਧਾਰਾ 3 ਤਹਿਤ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।

Leave a Reply

Your email address will not be published. Required fields are marked *