ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵਲੋਂ ਫਾਇਰ ਸਟੇਸ਼ਨ ਦੀ ਨਵੀਂ ਥਾਂ ਦਾ ਦੌਰਾ

Hoshiarpur Politics Punjab

ਹੁਸ਼ਿਆਰਪੁਰ, 19 ਮਾਰਚ: ਸਥਾਨਕ ਸ਼ਹਿਰ ਅੰਦਰ ਕੋਆਪ੍ਰੇਟਿਵ ਬੈਂਕ ਨੇੜੇ ਬਜ਼ਾਰ ਵਿਚ ਸਥਿਤ ਫਾਇਰ ਬ੍ਰਿਗੇਡ ਸਟੇਸ਼ਨ ਲਈ ਤਜਵੀਜ਼ਤ ਨਵੀਂ ਜਗ੍ਹਾ ਦਾ ਅੱਜ ਦੌਰਾ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਫਾਇਰ ਬ੍ਰਿਗੇਡ ਸਟੇਸ਼ਨ ਨੂੰ ਸ਼ਹਿਰ ਦੇ ਬਾਹਰ ਗਊਸ਼ਾਲਾ ਨੇੜੇ ਖੁੱਲ੍ਹੀ ਜਗ੍ਹਾ ‘ਤੇ ਤਬਦੀਲ ਕੀਤਾ ਜਾ ਰਿਹਾ ਹੈ।

        ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਭੰਗੀ ਚੋਅ ਨੇੜੇ ਫਾਇਰ ਬ੍ਰਿਗੇਡ ਸਟੇਸ਼ਨ ਦੀ ਨਵੀਂ ਜਗ੍ਹਾ ‘ਤੇ ਪਹੁੰਚ ਕੇ ਸਟੇਸ਼ਨ ਦੇ ਨਿਰਮਾਣ ਸਬੰਧੀ ਜਾਣਕਾਰੀ ਲੈਂਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਲੋੜੀਂਦੀ ਪ੍ਰਕਿਰਿਆ ਨੂੰ ਛੇਤੀਂ ਅਮਲ ਵਿਚ ਲਿਆਂਦਾ ਜਾਵੇ ਤਾਂ ਜੋ ਨਵੀਂ ਥਾਂ ‘ਤੇ ਫਾਇਰ ਬ੍ਰਿਗੇਡ ਸਟੇਸ਼ਨ ਤਬਦੀਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨਵੀਂ ਥਾਂ ‘ਤੇ ਫਾਇਰ ਬ੍ਰਿਗੇਡ ਸਟੇਸ਼ਨ ਦੀ ਉਸਾਰੀ ਆਦਿ ਲਈ ਪੰਜਾਬ ਸਰਕਾਰ ਵਲੋਂ ਨਗਰ ਨਿਗਮ ਨੂੰ 2.50 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

        ਸਥਾਨਕ ਸਰਕਾਰਾਂ ਮੰਤਰੀ ਨੇ ਨਵੇਂ ਫਾਇਰ ਬ੍ਰਿਗੇਡ ਸਟੇਸ਼ਨ ਦਾ ਪ੍ਰਸਤਾਵਤ ਪਲਾਨ ਦੇਖਦਿਆਂ ਕਿਹਾ ਕਿ ਆਧੁਨਿਕ ਸਮੇਂ ਦੀ ਮੰਗ ਅਨੁਸਾਰ ਉਸਾਰੀ ਕਰਵਾਉਣ ਦੇ ਨਾਲ-ਨਾਲ ਸਟੇਸ਼ਨ ‘ਤੇ ਹਰ ਪੱਖੋਂ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾ ਸਕਣ। ਉਨ੍ਹਾਂ ਕਿਹਾ ਸ਼ਹਿਰ ਦੇ ਅੰਦਰ ਬਜ਼ਾਰ ਵਿਚ ਸਥਿਤ ਪੁਰਾਣੇ ਸਟੇਸ਼ਨ ਤੋਂ ਐਮਰਜੈਂਸੀ ਵੇਲੇ ਗੱਡੀਆਂ ਕੱਢਣ ਵੇਲੇ ਆਉਂਦੀ ਦਿੱਕਤ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਨਵੀਂ ਥਾਂ ‘ਤੇ ਫਾਇਰ ਸਟੇਸ਼ਨ ਦੀ ਉਸਾਰੀ ਨੂੰ ਪ੍ਰਵਾਨਗੀ ਦਿੰਦਿਆਂ ਲੋੜੀਂਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਨਵੀਂ ਥਾਂ ‘ਤੇ ਉਸਾਰੀ ਲਈ ਟੈਂਡਰ ਪ੍ਰਕਿਰਿਆ ਜਾਰੀ ਹੈ ਅਤੇ ਆਉਂਦੇ ਕੁਝ ਦਿਨਾਂ ਵਿਚ ਹੀ ਇਸ ਨੂੰ ਮੁਕੰਮਲ ਕਰਕੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ 2 ਕਨਾਲ ਤੋਂ ਵੱਧ ਜਗ੍ਹਾ ‘ਤੇ ਬਣਨ ਵਾਲੇ ਫਾਇਰ ਬ੍ਰਿਗੇਡ ਸਟੇਸ਼ਨ ‘ਤੇ ਹੰਗਾਮੀ ਹਾਲਤ ਵੇਲੇ ਕਾਬੂ ਪਾਉਣ ਲਈ ਗੱਡੀਆਂ ਆਦਿ ਦੇ ਪੁਖਤਾ ਪ੍ਰਬੰਧ ਹੋਣਗੇ।

        ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ, ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਹਰਮਿੰਦਰ ਸਿੰਘ ਬਖਸ਼ੀ, ਨਗਰ ਨਿਗਮ ਕਮਿਸ਼ਨਰ ਡਾ. ਅਮਨਦੀਪ ਕੌਰ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *