ਲਾਲਜੀਤ ਸਿੰਘ ਭੁੱਲਰ ਵੱਲੋਂ ਨਵੇਂ ਵਰ੍ਹੇ ਦੌਰਾਨ ਨਵੀਂਆਂ ਬੱਸਾਂ ਖ਼ਰੀਦਣ ਦੇ ਹੁਕਮ

Politics Punjab

ਚੰਡੀਗੜ੍ਹ, 1 ਜਨਵਰੀ:

ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਨਵੇਂ ਵਰ੍ਹੇ ਦੌਰਾਨ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਨਵੀਆਂ ਬੱਸਾਂ ਸ਼ਾਮਲ ਕਰਨ ਦੇ ਹੁਕਮ ਦਿੱਤੇ ਹਨ।

ਇੱਥੇ ਪੰਜਾਬ ਰੋਡਵੇਜ਼/ਪਨਬੱਸ, ਪੀ.ਆਰ.ਟੀ. ਸੀ. ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਦੇ ਕੰਮ-ਕਾਜ ਦੀ ਸਮੀਖਿਆ ਕਰਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਵੇਂ ਸਰਕਾਰ ਵੱਲੋਂ ਮਿੱਥੇ ਗਏ ਟੀਚਿਆਂ ਨੂੰ ਬੀਤੇ ਵਰ੍ਹੇ ਦੌਰਾਨ ਹਾਸਲ ਕੀਤਾ ਗਿਆ ਹੈ, ਉਸੇ ਤਰ੍ਹਾਂ ਨਵੇਂ ਵਰ੍ਹੇ ਵਿੱਚ ਵੀ ਟੀਚਿਆਂ ਨੂੰ ਹਾਸਲ ਕਰਦਿਆਂ ਸਰਕਾਰੀ ਮਾਲੀਏ ਵਿਚ ਵਾਧਾ ਕੀਤਾ ਜਾਵੇ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਦੇ ਬੱਸ ਅੱਡਿਆਂ ਨੂੰ ਠੇਕੇ ‘ਤੇ ਦਿੱਤਾ ਜਾਵੇ ਤਾਂ ਜੋ ਮਾਲੀਆ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਰੂਟਾਂ ਉਤੇ ਜ਼ਿਆਦਾਤਰ ਨਿੱਜੀ ਬੱਸਾਂ ਚਲਦੀਆਂ ਹਨ ਅਤੇ ਸਰਕਾਰੀ ਬੱਸ ਸਰਵਿਸ ਨਾਮਾਤਰ ਹੈ, ਉਨ੍ਹਾਂ ਰੂਟਾਂ ‘ਤੇ ਸਰਕਾਰੀ ਬੱਸ ਸੇਵਾ ਸ਼ੁਰੂ ਕੀਤੀ ਜਾਵੇ ਤਾਂ ਜੋ ਮਹਿਲਾਵਾਂ ਨੂੰ ਮੁਫ਼ਤ ਬੱਸ ਸੇਵਾ ਦਾ ਲਾਭ ਮਿਲਣ ਸਣੇ ਹੋਰਨਾਂ ਯਾਤਰੀਆਂ ਨੂੰ ਸਹੂਲਤ ਮਿਲ ਸਕੇ।

ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਸੂਬੇ ਦੇ ਹਰੇਕ ਰੂਟ ‘ਤੇ ਸਰਕਾਰੀ ਬੱਸ ਸੇਵਾ ਯਕੀਨੀ ਬਣਾਉਣ ਤਾਂ ਜੋ ਨਿੱਜੀ ਬੱਸ ਅਪ੍ਰੇਟਰਾਂ ਦੀ ਮਨਮਰਜ਼ੀ ਨੂੰ ਠੱਲ੍ਹ ਪਾਈ ਜਾ ਸਕੇ। ਸ. ਭੁੱਲਰ ਨੇ ਅਧਿਕਾਰੀਆਂ ਨੂੰ ਅਜਿਹੇ ਸਾਰੇ ਰੂਟਾਂ, ਜਿਨ੍ਹਾਂ ‘ਤੇ ਸਰਕਾਰੀ ਬੱਸ ਸੇਵਾ ਉਪਲਬਧ ਨਹੀਂ ਹੈ, ਉਨ੍ਹਾਂ ਦੀ ਸੂਚੀ 15 ਦਿਨਾਂ ਦੇ ਅੰਦਰ-ਅੰਦਰ ਇਕੱਤਰ ਕਰਕੇ ਪੇਸ਼ ਕਰਨ ਦੇ ਵੀ ਹੁਕਮ ਦਿੱਤੇ।

ਸ. ਲਾਲਜੀਤ ਸਿੰਘ ਭੁੱਲਰ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਦੇ ਅਧਿਕਾਰੀਆਂ ਨੂੰ ਟੈਕਸ ਡਿਫ਼ਾਲਟਰ ‘ਤੇ ਨਕੇਲ ਕੱਸਣ ਲਈ ਪ੍ਰਭਾਵੀ ਵਸੂਲੀ ਪ੍ਰਕਿਰਿਆ ਅਪਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਸੇਵਾਵਾਂ ਨੂੰ ਹੋਰ ਪ੍ਰਭਾਵੀ ਬਣਾਇਆ ਜਾਵੇ ਅਤੇ ਸਰਵਿਸ ਡਿਲੀਵਰੀ ਸਮਾਂਬੱਧ ਤਰੀਕੇ ਨਾਲ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇ।

ਮੀਟਿੰਗ ਦੌਰਾਨ ਪੀ.ਆਰ.ਟੀ.ਸੀ ਦੇ ਚੇਅਰਮੈਨ ਸ. ਰਣਜੋਧ ਸਿੰਘ ਹਡਾਣਾ, ਵਧੀਕ ਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਡੀ.ਕੇ. ਤਿਵਾੜੀ, ਐਸ.ਟੀ.ਸੀ. ਸ੍ਰੀ ਜਸਪ੍ਰੀਤ ਸਿੰਘ, ਐਮ.ਡੀ. ਪਨਬੱਸ ਸ੍ਰੀ ਰਾਜੀਵ ਕੁਮਾਰ ਗੁਪਤਾ, ਐਮ.ਡੀ ਪੀ.ਆਰ.ਟੀ.ਸੀ. ਸ. ਬਿਕਰਮਜੀਤ ਸਿੰਘ ਸ਼ੇਰਗਿੱਲ, ਡਿਪਟੀ ਡਾਇਰੈਕਟਰ ਸ. ਪਰਨੀਤ ਸਿੰਘ ਮਿਨਹਾਸ, ਏ.ਡੀ.ਓ ਪਨਬੱਸ ਸ੍ਰੀ ਰਾਜੀਵ ਦੱਤਾ, ਜੀ.ਐਮ. ਪੀ.ਆਰ.ਟੀ.ਸੀ. ਸ. ਮਨਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *