ਮਾਨਸਾ, 20 ਸਤੰਬਰ:
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਰਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਅਖ਼ੀਰਲੇ ਦਿਨ ਖੋ ਖੋ, ਕਬੱਡੀ, ਬਾਸਕਿਟਬਾਲ ਅਤੇ ਦੌੜ ਮੁਕਾਬਲੇ ਹੋਏ।
ਅਖ਼ੀਰਲੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ੍ਰੀਮਤੀ ਭੁਪਿੰਦਰ ਕੌਰ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਰੁਚੀ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਜਿੱਥੇ ਵਿਦਿਆਰਥੀਆਂ ਦਾ ਮਾਨਸਿਕ ਪੱਧਰ ਉੱਚਾ ਕਰਨ ਵਿਚ ਸਹਾਈ ਹੁੰਦੀ ਹੈ ਉੱਥੇ ਹੀ ਖੇਡਾਂ ਵਿਦਿਆਰਥੀਆਂ ਨੂੰ ਸਰੀਰਿਕ ਤੰਦਰੁਸਤੀ ਲਈ ਪ੍ਰੇਰਿਤ ਕਰਦੀਆਂ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਖੇਡਾਂ ਨਾਲ ਜੁੜ ਕੇ ਵਿਦਿਆਰਥੀ ਨਸ਼ਿਆਂ ਵਰਗੀਆਂ ਅਲ੍ਹਾਮਤਾ ਤੋਂ ਦੂਰ ਰਹਿੰਦੇ ਹਨ ਅਤੇ ਵਿਸ਼ਵ ਪੱਧਰ ’ਤੇ ਆਪਣਾ, ਆਪਣੇ ਮਾਪਿਆਂ ਦਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਲਾਜ਼ਮੀ ਹੈ। ਖੇਡਾਂ ਵਿਦਿਆਰਥੀਆਂ ਵਿਚ ਅਨੁਸਾਸ਼ਨ ਅਤੇ ਆਪਸੀ ਤਾਲਮੇਲ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਆਪਣੀ ਮਨਪਸੰਦ ਖੇਡ ਨਾਲ ਜ਼ਰੂਰ ਜੁੜੇ ਰਹਿਣਾ ਚਾਹੀਦਾ ਹੈ।
ਜ਼ਿਲ੍ਹਾ ਪੱਧਰੀ ਖੇਡਾਂ ਦੇ ਅਖ਼ੀਰਲੇ ਦਿਨ ਹੋਏ ਵੱਖ ਵੱਖ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਖੋ ਖੋ 31 ਤੋਂ 40 ਸਾਲ ਉਮਰ ਵਰਗ ਵਿਚ ਬੁਢਲਾਡਾ ਪਹਿਲੇ ਸਥਾਨ ’ਤੇ ਰਿਹਾ, 31 ਤੋਂ 40 ਸਾਲ ਉਮਰ ਵਰਗ ਕਬੱਡੀ ਸਰਕਲ ਸਟਾਇਲ ਵਿੱਚ ਝਨੀਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਾਸਕਿਟਬਾਲ ਅੰਡਰ-21 ਮੁੰਡਿਆਂ ਵਿਚ ਭੈਣੀ ਬਾਘਾ ਪਹਿਲੇ ਸਥਾਨ ’ਤੇ, ਲੌਂਗ ਜੰਪ 21 ਤੋਂ 30 ਸਾਲ ਉਮਰ ਵਰਗ ਵਿੱਚ ਮਨਪ੍ਰੀਤ ਕੌਰ ਪਹਿਲੇ ਅਤੇ ਰਮਨਦੀਪ ਕੌਰ ਦੂਜੇ ਸਥਾਨ ’ਤੇ ਰਹੇ। 10,000 ਮੀਟਰ ਪੈਦਲ ਚਾਲ 41 ਤੋਂ 50 ਸਾਲ ਉਮਰ ਵਰਗ ਵਿੱਚ ਇਕਬਾਲ ਸਿੰਘ ਪਹਿਲੇ, ਜਗਦੀਪ ਸਿੰਘ ਦੂਜੇ ਸਥਾਨ ’ਤੇ, 21 ਤੋਂ 30 ਉਮਰ ਵਰਗ ਵਿਚ ਕੁਲਦੀਪ ਸਿੰਘ ਪਹਿਲੇ ਸਥਾਨ ’ਤੇ ਰਹੇ। 31 ਤੋਂ 40 ਸਾਲ ਉਮਰ ਵਰਗ ਵਿਚ ਬਲਜੀਤ ਸਿੰਘ ਅੱਵਲ ਰਹੇ। ਇਸੇ ਤਰ੍ਹਾਂ 400 ਮੀਟਰ ਦੌੜ ਵਿੱਚ ਗੁਰਪਾਲ ਸਿੰਘ ਪਹਿਲੇ ਸਥਾਨ ’ਤੇ, ਅੰਮ੍ਰਿਤਪਾਲ ਸਿੰਘ ਦੂਜੇ ਸਥਾਨ ’ਤੇ ਰਹੇ। 61 ਤੋਂ 70 ਸਾਲ ਉਮਰ ਵਰਗ 400 ਮੀਟਰ ਦੌੜ ਵਿਚ ਜਗਦੇਵ ਸਿੰਘ ਪਹਿਲੇ ਸਥਾਨ ’ਤੇ, 41 ਤੋਂ 50 ਸਾਲ ਉਮਰ ਵਰਗ ਵਿਚ ਸੁਦਰਸ਼ਨ ਕੁਮਾਰ ਪਹਿਲੇ ਅਤੇ ਸਿਕੰਦਰ ਸਿੰਘ ਦੂਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ 70 ਸਾਲ ਤੋ ਉੱਪਰ ਉਮਰ ਵਰਗ 400 ਮੀਟਰ ਦੌੜ ਵਿੱਚ ਕਾਕਾ ਸਿੰਘ ਪਹਿਲੇ ਸਥਾਨ ’ਤੇ ਰਹੇ। ਲੜਕੀਆਂ 400 ਮੀਟਰ 51 ਤੋਂ 60 ਸਾਲ ਉਮਰ ਵਰਗ ਵਿਚ ਸਿੰਦਰ ਕੌਰ ਪਹਿਲੇ ਅਤੇ 41 ਤੋਂ 50 ਸਾਲ ਉਮਰ ਵਰਗ 400 ਮੀਟਰ ਦੌੜ ਵਿਚ ਅਮਨਦੀਪ ਕੌਰ ਪਹਿਲੇ ਸਥਾਨ ’ਤੇ ਰਹੇ। ਹਾਕੀ 21 ਤੋਂ 30 ਸਾਲ ਉਮਰ ਵਰਗ ਵਿਚ ਫਫੜੇ ਭਾਈਕੇ ਪਹਿਲੇ ਅਤੇ ਬੋਹਾ ਦੂਜੇ ਸਥਾਨ ’ਤੇ ਰਿਹਾ। 31 ਤੋਂ 30 ਸਾਲ ਉਮਰ ਵਰਗ ਵਿਚ ਫਫੜੇ ਭਾਈ ਕੇ ਪਹਿਲੇ ਅਤੇ ਬੋਹਾ ਦੂਜੇ ਸਥਾਨ ’ਤੇ ਰਿਹਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਬੁਢਲਾਡਾ ਵਾਸੀ 92 ਸਾਲ ਦੇ ਬਲਵੀਰ ਸਿੰਘ ਨੇ 100 ਮੀਟਰ ਅਤੇ 400 ਮੀਟਰ ਦੌੜ ਵਿੱਚ ਭਾਗ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਖੇਡ ਕੋ-ਆਰਡੀਨੇਟਰ, ਦੀਪੰਕਰ ਭੰਮੇ, ਗੁਰਦੀਪ ਸਿੰਘ, ਰਾਜਦੀਪ ਸਿੰਘ, ਏਕਮ ਸਿੰਘ, ਮਨਪ੍ਰੀਤ ਸਿੰਘ, ਕੋਚ ਸ਼ਾਹਬਾਜ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਭੋਲਾ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਜ਼ਿਲ੍ਹਾ ਪੱਧਰੀ ਖੇਡਾਂ ਦੇ ਅਖ਼ੀਰਲੇ ਦਿਨ ਖੋ ਖੋ, ਕਬੱਡੀ, ਬਾਸਕਿਟਬਾਲ ਅਤੇ ਦੌੜ ਮੁਕਾਬਲੇ ਹੋਏ


