ਫਾਜ਼ਿਲਕਾ, 21 ਜੂਨ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ), ਫਾਜ਼ਿਲਕਾ, ਵਿਖੇ ਆਪਣੇ ਕੰਮਾਂ ਲਈ ਆਉਣ ਵਾਲੇ ਆਮ ਲੋਕਾਂ ਦੀ ਸਹੂਲਤ ਲਈ ਡੀਏਸੀ ਦੀ ਪਹਿਲੀ ਮੰਜ਼ਿਲ ‘ਤੇ ਮੁੱਖ ਦੁਆਰ ਦੇ ਨਾਲ ਹੀ ਇੱਕ ਰਿਸੈਪਸ਼ਨ-ਕਮ-ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਡੀ.ਏ.ਸੀ. ਵਿੱਚ ਸਥਿਤ ਵੱਖ-ਵੱਖ ਦਫ਼ਤਰਾਂ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਪ੍ਰਭਾਵੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਇੱਕ ਰਿਸੈਪਸ਼ਨ-ਕਮ-ਹੈਲਪ ਡੈਸਕ ਜੋ ਕਿ ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਕੰਮ ਕਰੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਉਨ੍ਹਾਂ ਦੇ ਕੰਮਾਂ ਵਿੱਚ ਸਹਾਇਤਾ ਕਰਨ ਦੇ ਉਦੇਸ਼ ਨਾਲ ਚੁੱਕਿਆ ਇਹ ਕਦਮ ਲੋਕਾਂ ਲਈ ਸਹਾਈ ਹੋਵੇਗਾ। ਜਿਕਰਯੋਗ ਹੈ ਕਿ ਪਿੱਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਅਜਿਹਾ ਕਰਨ ਦੇ ਹੁਕਮ ਕੀਤੇ ਸਨ।
ਡੈਸਕ ‘ਤੇ ਕੰਮਾਂ ਲਈ ਆਉਣ ਵਾਲੇ ਲੋਕਾਂ ਦੀ ਪੂਰੀ ਗੱਲ ਸੁਣਕੇ ਉਹਨਾਂ ਨੂੰ ਸਬੰਧਤ ਦਫ਼ਤਰ ਤਕ ਜਾਣ ਲਈ ਸਹਿਯੋਗ ਦਿੱਤਾ ਜਾਵੇਗਾ। ਡੈਸਕ ਟੀਮ ਦੇ ਮੈਂਬਰ ਆਮ ਲੋਕਾਂ ਨੂੰ ਅਧਿਕਾਰੀ ਦੇ ਨਾਂ ਅਤੇ ਜਿਸ ਮੰਜ਼ਿਲ ‘ਤੇ ਦਫ਼ਤਰ ਸਥਿਤ ਹੈ, ਬਾਰੇ ਵੀ ਜਾਣੂ ਕਰਵਾਉਣਗੇ ਤਾਂ ਜੋ ਲੋਕ ਸਬੰਧਤ ਦਫ਼ਤਰ ਦੀ ਭਾਲ ਲਈ ਇਧਰ-ਉਧਰ ਨਾ ਜਾਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਪਾਬੰਦ ਹੈ ਕਿ ਕਿਸੇ ਨੂੰ ਵੀ ਸਰਕਾਰੀ ਦਫ਼ਤਰਾਂ ਵਿੱਚ ਆਉਣ-ਜਾਣ ਸਮੇਂ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਸ ਰਿਸੈਪਸ਼ਨ-ਕਮ-ਹੈਲਪ ਡੈਸਕ ‘ਤੇ ਆਉਣ ਵਾਲੇ ਪੀ.ਡਬਲਯੂ.ਡੀ. ਵਿਅਕਤੀਆਂ ਲਈ ਵਲੰਟੀਅਰ ਸਮੇਤ ਵ੍ਹੀਲਚੇਅਰ ਦੀ ਸਹੂਲਤ ਮੁਹਈਆ ਕਰਵਾਈ ਜਾਵੇ।
ਇਸ ਤੋਂ ਬਿਨ੍ਹਾਂ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗ ਮੁੱਖੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਪੋ ਆਪਣੇ ਦਫ਼ਤਰਾਂ ਵਿਚ ਵੀ ਹੈਲਪ ਡੈਸਕ ਸਥਾਪਿਤ ਕਰਨ ਅਤੇ ਦਫ਼ਤਰ ਵਿਚ ਆਉਣ ਵਾਲੇ ਹਰੇਕ ਵਿਅਕਤੀ ਦਾ ਵੇਰਵਾ ਦਰਜ ਕੀਤਾ ਜਾਵੇ ਅਤੇ ਉਸ ਦੇ ਕੰਮ ਸਬੰਧੀ ਵੇਰਵੇ ਦਰਜ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਦਫ਼ਤਰ ਵਿਚ ਆਉਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਅਤੇ ਹਰ ਹੋਣ ਵਾਲਾ ਯੋਗ ਕੰਮ ਜਲਦ ਤੋਂ ਜਲਦ ਕੀਤਾ ਜਾਵੇ।