ਫਾਜ਼ਿਲਕਾ, 16 ਸਤੰਬਰ
ਕਾਰਜ਼ਕਾਰੀ ਸਿਵਲ ਸਰਜਨ ਡਾ ਏਰਿਕ ਦੀ ਯੋਗ ਅਗਵਾਈ ਵਿਚ ਸੱਚਖੰਡ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਸਿਵਿਲ ਹਸਪਤਾਲ ਫਾਜ਼ਿਲਕਾ ਵਿਖੇ ਏਡਜ਼ ਬੀਮਾਰੀ ਬਾਰੇ ਜਾਗਰੂਕਤਾ ਲਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿਚ ਡਾ ਏਰਿਕ ਮੁੱਖ ਮਹਿਮਾਨ ਸੀ ਅਤੇ ਪ੍ਰੋਗਰਾਮਾਂ ਦੀ ਪ੍ਰਧਾਨਗੀ ਐੱਸ ਐਮ ਓ ਡਾਕਟਰ ਰੋਹਿਤ ਗੋਇਲ ਨੇ ਕੀਤੀ.
ਇਸ ਮੌਕੇ ਡਾ ਏਰਿਕ ਨੇ ਕਿਹਾ ਕਿ ਵਿਸ਼ਵ ਏਡਜ਼ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੁੰ ਏਡਜ਼ ਬਿਮਾਰੀ ਪ੍ਰਤੀ ਅਤੇ ਬਚਾਅ ਸਬੰਧੀ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਏਡਜ਼ ਦੀ ਬੀਮਾਰੀ ਐਚ.ਆਈ.ਵੀ. ਵਾਇਰਸ ਨਾਲ ਹੁੰਦੀ ਹੈ, ਜੋ ਸਾਡੇ ਸਰੀਰ ਤੇ ਹਮਲਾ ਕਰਕੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਕਿਸੇ ਵੀ ਵਿਅਕਤੀ ਨੂੰ ਖਾਂਸੀ, ਜੁਕਾਮ, ਬੁਖਾਰ, ਦਸਤ, ਉਲਟੀਆਂ, ਭਾਰ ਦਾ ਘਟਣਾ, ਕੰਮਜੋਰੀ ਆਦਿ ਲੱਛਣ ਲੰਬੇ ਸਮੇਂ ਤੋਂ ਹੋਣ ਅਤੇ ਇਲਾਜ ਦੋਰਾਨ ਫਰਕ ਨਾ ਪੈ ਰਿਹਾ ਹੋਵੇ ਤਾਂ ਉਸ ਵਿਅਕਤੀ ਨੂੰ ਐਚ.ਆਈ.ਵੀ. ਏਡਜ਼ ਹੋ ਸਕਦਾ ਹੈ ਇਸ ਲਈ ਉਸ ਨੂੰ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਜਾ ਕੇ ਐਚ.ਆਈ.ਵੀ. ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਆਈਸੀਟੀਸੀ ਸੈਂਟਰਾਂ ਵਿੱਚ ਐਚ.ਆਈ.ਵੀ. ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾ ਕਿਹਾ ਕਿ ਨਸ਼ਾ ਵਰਤਣ ਵਾਲੇ ਲੋਕ ਨਸ਼ੇ ਦੇ ਟੀਕੇ ਇੱਕੋ ਹੀ ਸਰਿੰਜ ਸੂਈ ਨਾਲ ਲਗਾਉਂਦੇ ਹਨ, ਜਿਸ ਨਾਲ ਏਡਜ਼ ਫੈਲਣ ਦਾ ਬਹੁਤ ਜ਼ਿਆਦਾ ਖਤਰਾ ਹੈ । ਉਹਨਾਂ ਨਸ਼ਾ ਵਰਤਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਛੁਡਾਓ ਕੇਂਦਰਾਂ ਜਾ ਕੇ ਨਸ਼ਾ ਛੱਡ ਸਕਦੇ ਹਨ, ਸਿਹਤ ਵਿਭਾਗ ਵੱਲੋਂ ਇਹ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਓਟ ਸੈਂਟਰਾਂ ਤੋਂ ਡਾਕਟਰ ਦੀ ਸਲਾਹ ਨਾਲ ਮੁਫ਼ਤ ਦਵਾਈਆਂ ਪ੍ਰਾਪਤ ਕਰਕੇ ਘਰ ਬੈਠੇ ਨਸ਼ਾ ਛੱਡ ਸਕਦੇ ਹਨ।
ਇਸ ਮੌਕੇ ਡਾ ਰੋਹਿਤ ਗੋਇਲ ਨੇ ਕਿਹਾ ਕਿ ਐਚ.ਆਈ.ਵੀ. ਪੌਜਿਟਿਵ ਮਰੀਜਾਂ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੂੰ ਸਿਹਤ ਸੇਵਾਵਾਂ, ਰੋਜਗਾਰ ਅਤੇ ਸਿਖਿਆ ਸੇਵਾਵਾਂ ਬਿਨਾਂ ਵਿਤਕਰੇ ਤੋਂ ਮੁਹੱਈਆ ਕਰਵਾਉਣੀਆਂ ਕਾਨੂੰਨ ਅਨੁਸਾਰ ਜਰੂਰੀ ਹਨ। ਉਨ੍ਹਾਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਕੌਂਸਲਰ ਕੰਵਲਜੀਤ ਸਿੰਘ ਅਤੇ ਐਲ ਟੀ ਸੁਖਵਿੰਦਰ ਕੌਰ ਨੇ ਏਡਜ਼ ਦੀ ਬੀਮਾਰੀ ਦੇ ਫੈਲਣ ਦੇ ਕਾਰਣ, ਬਚਾਓ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਇਹ ਬਿਮਾਰੀ ਇੱਕ ਦੂਜੇ ਦੀਆਂ ਸੂਈਆਂ ਸਰਿੰਜਾਂ ਵਰਤਣ ਨਾਲ, ਗਰਭਵਤੀ ਮਾਂ ਤੋਂ ਬੱਚੇ ਨੂੰ, ਦੂ਼ਸ਼ਿਤ ਖੂਨ ਚੜਾਉਣ ਨਾਲ, ਅਸੁਰੱਖਿਅਤ ਸੈਕਸ ਸਬੰਧ ਬਨਾਉਣ ਨਾਲ, ਟੈਟੂ ਬਨਵਾਉਣ ਨਾਲ ਇੱਕ ਮਨੂੱਖ ਤੋਂ ਦੂਸਰੇ ਮਨੂੱਖ ਨੂੰ ਫੈਲਦੀ ਹੈ। ਇਹ ਬਿਮਾਰੀ ਹੱਥ ਮਿਲਾਉਣ, ਇਕੱਠੇ ਬੈਠਣ ਨਾਲ, ਇਕੱਠੇ ਸੌਣ ਨਾਲ, ਚੁੰਮਣ ਨਾਲ, ਇਕੱਠੇ ਖਾਣਾ ਖਾਣ ਆਦਿ ਕਾਰਣਾਂ ਨਾਲ ਨਹੀਂ ਫੈਲਦੀ। ਉਹਨਾਂ ਦੱਸਿਆ ਕਿ ਏਡਜ਼ ਦੇ ਮਰੀਜਾਂ ਨੂੰ ਹੋਰ ਬੀਮਾਰੀਆਂ ਦੇ ਨਾਲ ਨਾਲ ਟੀ.ਬੀ. ਹੋਣ ਦਾ ਖਤਰਾ ਜਿਆਦਾ ਹੁੰਦਾ ਹੈ । ਅਤੇ ਏਡਜ ਦੇ ਬਚਾਅ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਰਿਚਾ ਨਿਸ਼ੂ ਵਲੋਂ ਏਡਜ਼ ਦੀ ਬੀਮਾਰੀ ਸਬੰਧੀ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਮਾਸ ਮੀਡੀਆ ਬ੍ਰਾਂਚ ਤੋ ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਅਤੇ ਹੋਰ ਸਟਾਫ ਅਤੇ ਸਿਖਆਰਥੀ ਹਾਜ਼ਰ ਸਨ।
ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ ਐਚ.ਆਈ.ਵੀ. ਦਾ ਮੁਫ਼ਤ ਟੈਸਟ ਅਤੇ ਇਲਾਜ


