ਹੁਸ਼ਿਆਰਪੁਰ, 5 ਫਰਵਰੀ : ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲੇ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਦੇਸ਼ ਭਰ ਵਿਚ ਚਲਾਏ ਗਰੀਨ ਸਕੂਲ ਪ੍ਰੋਗਰਾਮ ਤਹਿਤ ਦੇਸ਼ ਭਰ ਵਿਚ ਮੋਹਰੀ ਰਹਿਣ ’ਤੇ ਹੁਸ਼ਿਆਰਪੁਰ ਨੂੰ ’ਬੈਸਟ ਗਰੀਨ ਡਿਸਟ੍ਰਿਕਟ’ ਐਵਾਰਡ ਦਿੱਤਾ ਗਿਆ। ਇਹ ਐਵਾਰਡ ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ ਨੇ ਨਵੀਂ ਦਿੱਲੀ ਵਿਖੇ ਇੰਡੀਆ ਹੈਬੀਟੇਟ ਸੈਂਟਰ ’ਚ ਹੋਏ ਸਮਾਗਮ ਦੌਰਾਨ ਪ੍ਰਾਪਤ ਕੀਤਾ। ਜ਼ਿਲ੍ਹੇ ਦੇ 12 ਸਕੂਲਾਂ ਨੂੰ ਵੀ ਗਰੀਨ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
ਹੁਸ਼ਿਆਰਪੁਰ ਨੂੰ ਦੇਸ਼ ਭਰ ’ਚੋਂ ’ਬੈਸਟ ਗਰੀਨ ਡਿਸਟ੍ਰਿਕਟ’ ਦਾ ਐਵਾਰਡ ਪ੍ਰਸਿੱਧ ਸਿੱਖਿਆ ਸੁਧਾਰਕ ਸੋਨਮ ਵਾਂਗਚੁਕ ਅਤੇ ਸਾਇੰਸ ਤੇ ਵਾਤਾਵਰਣ ਕੇਂਦਰ, ਨਵੀਂ ਦਿੱਲੀ ਦੇ ਡਾਇਰੈਕਟਰ ਜਨਰਲ ਸੁਨੀਤਾ ਨਾਰਾਇਣ ਨੇ ਦਿੱਤਾ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਵਿਲੱਖਣ ਪ੍ਰਾਪਤੀ ਲਈ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੇਸ਼ ਭਰ ਵਿਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਸਾਇੰਸ ਅਤੇ ਟੈਕਨਾਲੋਜੀ ਕੌਂਸਲ ਵਲੋਂ ਕੇਂਦਰੀ ਮੰਤਰਾਲੇ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਸੂਬੇ ਅੰਦਰ 8 ਹਜ਼ਾਰ ਸਕੂਲਾਂ ਅਤੇ ਕਾਲਜਾਂ ਵਿਚ ਈਕੋ ਕਲੱਬ ਸਥਾਪਤ ਕੀਤੇ ਗਏ ਸਨ, ਜਿਥੇ ਗਰੀਨ ਸਕੂਲ ਪ੍ਰੋਗਰਾਮ ਹੇਠ ਹਵਾ, ਊਰਜਾ, ਖੁਰਾਕ, ਭੌਂ, ਪਾਣੀ ਅਤੇ ਰਹਿੰਦ-ਖੂੰਹਦ ਦੀ ਵਿਵਸਥਾ ਦਾ ਆਡਿਟ ਕੀਤਾ ਗਿਆ। ਕੌਂਸਲ ਵਲੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸਾਇੰਸ ਤੇ ਵਾਤਾਵਰਣ ਸੈਂਟਰ ਦੀ ਭਾਈਵਾਲੀ ਰਾਹੀਂ ਗਰੀਨ ਸਕੂਲ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ ਗਈ ਜਿਸ ਤਹਿਤ ਪੰਜਾਬ ਵਿਚ 11917 ਸਕੂਲਾਂ ਦੀ ਰਜਿਸਟ੍ਰੇਸ਼ਨ ਹੋਈ ਅਤੇ ਇਨ੍ਹਾਂ ਵਿਚੋਂ 7406 ਸਕੂਲਾਂ ਵਿਚ ਗਰੀਨ ਆਡਿਟ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਨ੍ਹਾਂ ਸਫਲ ਸਕੂਲਾਂ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ 1945 ਸਕੂਲ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਗਰੀਨ ਸਕੂਲ ਪ੍ਰੋਗਰਾਮ ਤਹਿਤ ਦੇਸ਼ ਵਿਚੋਂ 345 ਸਕੂਲਾਂ ਦੀ ਚੋਣ ਕੀਤੀ ਗਈ ਜਿਨ੍ਹਾਂ ਵਿਚ 196 ਸਕੂਲ ਪੰਜਾਬ ਦੇ ਹਨ ਅਤੇ ਇਨ੍ਹਾਂ ਵਿਚ 12 ਸਕੂਲ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦਾ ਅਮਲਾ ਹੁਸ਼ਿਆਰਪੁਰ ਦੇ ਵੱਧ ਤੋਂ ਵੱਧ ਸਕੂਲਾਂ ਵਿਚ ਹਰ ਪਾਸੇ ਵਾਤਾਵਰਣ ਪੱਖੀ (ਈਕੋ ਫਰੈਂਡਲੀ) ਸਿਸਟਮ ਦੀ ਸਥਾਪਤੀ ਲਈ ਪੂਰੀ ਤਤਪਰਤਾ ਨਾਲ ਕਾਰਜਸ਼ੀਲ ਹੈ ਅਤੇ ਆਉਂਦੇ ਸਮੇਂ ਵਿਚ ਹੋਰਨਾਂ ਸਕੂਲਾਂ ਵਿਚ ਵੀ ਮੁਕੰਮਲ ਤੌਰ ’ਤੇ ਸਿਹਤਮੰਦ ਵਾਤਾਵਰਣ ਦੀ ਸਥਾਪਤੀ ਯਕੀਨੀ ਬਣਾਈ ਜਾਵੇਗੀ।
ਨਵੀਂ ਦਿੱਲੀ ਵਿਖੇ ਐਵਾਰਡ ਪ੍ਰਾਪਤ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ ਨੇ ਕਿਹਾ ਕਿ ਇਹ ਐਵਾਰਡ ਸਾਰੀ ਟੀਮ ਦੇ ਅਣਥੱਕ ਯਤਨਾਂ ਦਾ ਸਿੱਟਾ ਹੈ ਜਿਨ੍ਹਾਂ ਨੇ ਗਰੀਨ ਸਕੂਲ ਪ੍ਰੋਗਰਾਮ ਨੂੰ ਜ਼ਿਲ੍ਹੇ ਵਿਚ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਸਦਕਾ ਜ਼ਿਲ੍ਹੇ ਦੇ ਸਕੂਲਾਂ ਵਿਚ ਗਰੀਨ ਸਕੂਲ ਪ੍ਰੋਗਰਾਮ ਦੇ ਮਾਪਦੰਡਾਂ ਨੂੰ ਬੇਹਤਰ ਪਾਇਆ ਗਿਆ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਵੱਡੇ ਸੁਧਾਰ ਲਿਆਉਣ ਵਾਲੇ ਸੋਨਮ ਵਾਂਗਚੁਕ ਪਾਸੋਂ ਇਹ ਐਵਾਰਡ ਪ੍ਰਾਪਤ ਕਰਨਾ ਹੋਰ ਵੀ ਮਾਣ ਵਾਲੀ ਗੱਲ ਹੈ। ਐਵਾਰਡ ਪ੍ਰਾਪਤ ਕਰਨ ਮੌਕੇ ਉਨ੍ਹਾਂ ਨਾਲ ਪੰਜਾਬ ਰਾਜ ਸਾਇੰਸ ਅਤੇ ਟੈਕਨਾਲੋਜੀ ਕੌਂਸਲ ਦੇ ਕਾਰਜਕਾਰੀ ਡਾਇਰੈਕਟਰ ਪ੍ਰਿਤਪਾਲ ਸਿੰਘ, ਸੰਯੁਕਤ ਡਾਇਰੈਕਟਰ ਡਾ.ਕੇ.ਐਸ. ਬਾਠ, ਪ੍ਰੋਜੈਕਟ ਵਿਗਿਆਨੀ ਡਾ. ਮੰਦਾਕਨੀ ਅਤੇ ਸਾਇੰਸ ਕੋਆਰਡੀਨੇਟਰ ਅਸ਼ੋਕ ਕਾਲੀਆ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਗਰੀਨ ਸਕੂਲ ਪ੍ਰੋਗਰਾਮ ਤਹਿਤ ਚੁੱਣੇ 12 ਸਕੂਲਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੋਹਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੱਲੋਵਾਲ ਖਨੂਰ, ਸਰਕਾਰੀ ਹਾਈ ਸਕੂਲ, ਗੋਬਿੰਦਪੁਰ ਖੁਣ-ਖੁਣ, ਸਰਕਾਰੀ ਕੰਨਿਆ ਹਾਈ ਸਕੂਲ, ਸੂਸ ਪੱਜੋਦਿੱਤਾ, ਸਰਕਾਰੀ ਹਾਈ ਸਕੂਲ, ਬੱਸੀ ਗੁਲਾਮ ਹੁਸੈਨ, ਸਰਕਾਰੀ ਐਲੀਮੈਂਟਰੀ ਸਕੂਲ, ਜਮਸ਼ੇਰ ਚਠਿਆਲ, ਸਰਕਾਰੀ ਐਲੀਮੈਂਟਰੀ ਸਕੂਲ, ਮੋਹਰੀ ਚੱਕ, ਸਰਕਾਰੀ ਐਲੀਮੈਂਟਰੀ ਸਕੂਲ, ਸੈਦੋਂ ਨੌਸ਼ਹਿਰਾ, ਸਰਕਾਰੀ ਐਲੀਮੈਂਟਰੀ ਸਕੂਲ, ਸੱਜਣ, ਸਰਕਾਰੀ ਐਲੀਮੈਂਟਰੀ ਸਕੂਲ, ਸਤਿਆਲ, ਵੁੱਡਲੈਂਡ ਓਵਰਸੀਜ਼ ਸਕੂਲ, ਸੇਂਟ ਪੌਲਸ ਜੂਨੀਅਰ ਕਾਨਵੈਂਟ ਸਕੂਲ ਸ਼ਾਮਿਲ ਹਨ। ਇਸ ਪ੍ਰਾਪਤੀ ਨੂੰ ਹਾਸਲ ਕਰਨ ਵਿਚ ਡੀ.ਡੀ.ਐਫ. ਜੋਯਾ ਸਿੱਦੀਕੀ, ਡਿਪਟੀ ਡੀ.ਈ.ਉ. ਧੀਰਜ ਕੁਮਾਰ, ਡੀ.ਈ.ਉ. ਹਰਜਿੰਦਰ ਸਿੰਘ, ਸਾਇੰਸ ਕੋਆਰਡੀਨੇਟਰ ਅਸ਼ੋਕ ਕਾਲੀਆ ਅਤੇ ਉਨ੍ਹਾਂ ਦੀ ਟੀਮ ਦਾ ਯੋਗਦਾਨ ਸ਼ਲਾਘਾਯੋਗ ਰਿਹਾ।