ਫਾਜਿਲਕਾ, 1 ਜੂਨ
ਲੋਕ ਸਭਾ ਚੋਣਾਂ ਦੇ ਮੱਦੇਨਜਰ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜਰਵਰ ਸ੍ਰੀ ਲਕਸ਼ਮੀਕਾਂਤ ਰੈਡੀ ਜੀ ਅਤੇ ਪੁਲਿਸ ਅਬਜਰਵਰ ਸ੍ਰੀ ਏਆਰ ਦਮੋਧਰ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕਰਕੇ ਚੋਣ ਪ੍ਰਕਿਆ ਦਾ ਜਾਇਜ਼ਾ ਲਿਆ ਇਸ ਦੌਰਾਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਡਾ ਪ੍ਰਗਿਆ ਜੈਨ ਉਨ੍ਹਾਂ ਦੇ ਨਾਲ ਰਹੇ।
ਉਨ੍ਹਾਂ ਨੇ ਫਾਜ਼ਿਲਕਾ ਦੇ ਸਰਕਾਰੀ ਕੰਨਿਆਂ ਸਕੂਲ, ਨਗਰ ਕੌਂਸਲ ਅਤੇ ਅਬੋਹਰ ਮਾਰਕਿਟ ਕਮੇਟੀ ਵਿਚ ਬਣੇ ਬੂਥਾਂ ਸਮੇਤ ਵੱਖ ਵੱਖ ਬੂਥਾਂ ਦਾ ਦੌਰਾ ਕੀਤਾ। ਇਸਤੋਂ ਬਿਨ੍ਹਾਂ ਉਨ੍ਹਾਂ ਨੇ ਜਿਲ੍ਹਾਂ ਕੰਟਰੋਲ ਰੂਮ ਦਾ ਜਾਇਜਾ ਵੀ ਲਿਆ। ਇਸ ਦੌਰਾਨ ਬੂਥਾਂ ਤੇ ਵੋਟਰਾਂ ਦੀਆਂ ਸਵੇਰ ਸਮੇਂ ਲੰਬੀਆਂ ਲਾਈਨਾਂ ਵੀ ਵਿਖਾਈ ਦਿੱਤੀਆਂ।
ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜਲਾਲਾਬਾਦ ਦਾ ਦੌਰਾ ਕੀਤਾ ਗਿਆ ਜਦੋਂ ਕਿ ਐਸਐਸਪੀ ਸਮੇਤ ਉਨਾਂ ਨੇ ਫਾਜ਼ਿਲਕਾ ਅਬੋਹਰ ਅਤੇ ਬੱਲੂਆਣਾ ਖੇਤਰਾਂ ਦਾ ਦੌਰਾ ਕੀਤਾ ਤੇ ਵੱਖ-ਵੱਖ ਬੂਥਾਂ ਤੇ ਜਾ ਕੇ ਜਿੱਥੇ ਚੋਣ ਅਮਲੇ ਤੋਂ ਰਿਪੋਰਟ ਲਈ ਅਤੇ ਮਤਦਾਨ ਕਰਨ ਲਈ ਆਏ ਵੋਟਰਾਂ ਦੀ ਹੌਸਲਾ ਅਫਜਾਈ ਕੀਤੀ । ਪਿੰਡ ਸੀਤੋ ਵਿੱਚ ਡਿਪਟੀ ਕਮਿਸ਼ਨਰ ਨੇ ਰਵਾਇਤੀ ਪੋਸ਼ਾਕ ਵਿੱਚ ਆਈਆਂ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਇੱਥੇ ਉਹਨਾਂ ਨੇ ਵੋਟਰਾਂ ਨੂੰ ਫਾਜ਼ਿਲਕਾ ਦੇ ਤੋਸ਼ੇ ਵੀ ਖਵਾਏੇ। ਉਨ੍ਹਾਂ ਨੇ ਇੱਥੇ ਘੁੰਘਟ ਕੱਢ ਕੇ ਆਈਆਂ ਔਰਤਾਂ ਨਾਲ ਗੱਲਬਾਤ ਕੀਤੀ। ਇਸੇ ਤਰ੍ਹਾਂ ਉਹਨਾਂ ਨੇ ਅਬੋਹਰ ਦੇ ਮਾਰਕੀਟ ਕਮੇਟੀ ਵਿੱਚ ਬਣੇ ਬੂਥ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਉਤਸਾਹ ਨਾਲ ਵੋਟ ਪਾ ਰਹੇ ਹਨ। ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਪੋਲਿੰਗ ਬੂਥਾਂ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ ਅਤੇ ਖਬਰ ਲਿਖੇ ਜਾਣ ਤੱਕ ਕੋਈ ਵੀ ਮਾੜੀ ਘਟਨਾ ਦੀ ਸੂਚਨਾ ਨਹੀਂ ਹੈ।
ਜਨਰਲ ਅਤੇ ਪੁਲਿਸ ਅਬਜਰਵਰ ਵੱਲੋਂ ਜ਼ਿਲ੍ਹੇ ਦਾ ਦੌਰਾ, ਚੋਣਾਂ ਦਾ ਲਿਆ ਜਾਇਜ਼ਾ


