ਮਾਲੇਰਕੋਟਲਾ 15 ਫਰਵਰੀ :
ਕੈਬਿਨੇਟ ਮੰਤਰੀ ਪਸ਼ੂ ਪਾਲਣ ਸ੍ਰੀ ਗੁਰਮੀਤ ਸਿੰਘ ਖੁੱਡੀਆਂ ,ਪ੍ਰਮੁੱਖ ਸਕੱਤਰ ਸ਼੍ਰੀ ਰਾਹੁਲ ਭੰਡਾਰੀ ਦੀਆਂ ਹਦਾਇਤਾਂ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸਾਂ ਤਹਿਤ ਜ਼ਿਲ੍ਹੇ ਭਰ ਵਿੱਚ ਲੰਪੀ ਸਕਿਨ ਬਿਮਾਰੀ ਤੋਂ ਗਊਧਨ ਨੂੰ ਬਚਾਉਣ ਲਈ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ।
ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਵੈਟਨਰੀ ਅਫ਼ਸਰ ਪਸ਼ੂ ਪਾਲਣ ਵਿਭਾਗ ਮਲੇਰਕੋਟਲਾ ਡਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ 37 ਹਜਾਰ 500 ਗਊਧਨ ਨੂੰ ਘਰ ਘਰ ਜਾ ਕੇ ਵੈਕਸੀਨੇਸ਼ਨ ਮੁਫ਼ਤ ਕੀਤੀ ਜਾਵੇਗੀ ।100 ਪ੍ਰਤੀਸ਼ਤ ਟੀਕਾਕਰਨ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ 18 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸਾਲ-2022 ਦੌਰਾਨ ਪੰਜਾਬ ਵਿੱਚ ਗਾਵਾਂ ਵਿੱਚ ਲੰਪੀ ਸਕਿਨ ਡਜੀਜ਼ ਮਹਾਂਮਾਰੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਸੀ, ਜਿਸ ਦੀ ਰੋਕਥਾਮ ਵਾਸਤੇ ਪੰਜਾਬ ਸਰਕਾਰ ਵੱਲੋਂ ਮੁਫ਼ਤ ਗੋਟ ਪੌਕਸ ਵੈਕਸੀਨ ਸਾਰੀਆਂ ਗਾਵਾਂ ਦੇ ਲਗਾਈ ਗਈ ਸੀ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਸ਼ੂਧਨ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਪਸ਼ੂਆਂ ਦੀ ਨਸਲ ਸੁਧਾਰ ਲਈ ਵੀ ਉਚੇਚੇ ਯਤਨ ਕੀਤੇ ਜਾ ਰਹੇ ਹਨ।
ਉਹਨਾਂ ਪਸ਼ੂ ਪਾਲਕਾਂ ਨੂੰ ਅਪੀਲ ਕਿ ਇਹ ਵੈਕਸੀਨ ਨੂੰ ਲਗਾਉਣ ਵਾਸਤੇ ਪਸ਼ੂ ਪਾਲਣ ਵਿਭਾਗ ਦਾ ਸਹਿਯੋਗ ਕੀਤਾ ਜਾਵੇ ਤਾਂ ਕਿ ਜ਼ਿਲ੍ਹੇ ਦੇ ਪਸ਼ੂਧਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।