ਬੱਲੂਆਣਾ (ਫਾਜ਼ਿਲਕਾ) 19 ਫਰਵਰੀ
ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸੂਬੇ ਨੂੰ ਮੁਲਕ ਦਾ ਨੰਬਰ ਇਕ ਰਾਜ ਬਣਾਉਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਉਹ ਪਿੰਡ ਧਰਮਪੁਰਾ ਵਿਖੇ ਹੋਲੈਸਟਿਕ ਪਲੈਨ ਤਹਿਤ ਸਕੂਲਾਂ ਦੇ ਵਿਕਾਸ ਦੇ ਪ੍ਰੋਜੈਕਟ ਦਾ ਨੀਹ ਪੱਥਰ ਰੱਖਣ ਮੌਕੇ ਇਲਾਕੇ ਦੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ।
ਸ੍ਰੀ ਅਮਨ ਅਰੋੜਾ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਜਿੱਥੇ 118 ਸਕੂਲ ਆਫ ਐਮੀਨੈਂਸ ਬਣਾਏ ਗਏ ਹਨ ਉਥੇ ਹੀ ਪ੍ਰਾਇਮਰੀ ਸਿੱਖਿਆ ਨੂੰ ਵਿਸ਼ਵ ਮਿਆਰੀ ਬਣਾਉਣ ਲਈ ਅਤੇ ਵਿਦਿਆਰਥੀਆਂ ਲਈ ਸਿੱਖਿਆ ਹੋਰ ਰੋਚਕ ਬਣਾਉਣ ਲਈ ਸਕੂਲ ਆਫ ਹੈਪੀਨਸ ਸ਼ੁਰੂ ਕੀਤੇ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਹੋਲੈਸਟਿਕ ਪਲੈਨ ਤਹਿਤ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇੱਕੋ ਵਾਰ ਸਕੂਲ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਜਿਸ ਵਿੱਚ ਆਧੁਨਿਕ ਪ੍ਰਯੋਗਸ਼ਾਲਾਵਾਂ ਸਮੇਤ ਸਕੂਲ ਦੀ ਹਰ ਜਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਤਹਿਤ ਚੁਣੇ ਗਏ ਸਕੂਲਾਂ ਨੂੰ 60 ਲੱਖ 50 ਹਜਾਰ ਰੁਪਏ ਦੀ ਗ੍ਰਾਂਟ ਪ੍ਰਤੀ ਸਕੂਲ ਦਿੱਤੀ ਜਾ ਰਹੀ ਹੈ। ਇਸ ਤੋਂ ਬਿਨਾਂ ਸਕੂਲ ਆਫ ਹੈਪੀਨਸ ਲਈ ਪ੍ਰਤੀ ਸਕੂਲ 40 ਲੱਖ 40 ਹਜਾਰ ਰੁਪਏ ਦੀ ਗਰਾਂਟ ਦਿੱਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖਿਆ ਅਤੇ ਸਿਹਤ ਸਰਕਾਰ ਦਾ ਤਰਜੀਹੀ ਖੇਤਰ ਬਣਿਆ ਹੈ, ਕਿਉਂਕਿ ਆਮ ਲੋਕਾਂ ਦਾ ਭਵਿੱਖ ਅਤੇ ਵਰਤਮਾਨ ਇਹਨਾਂ ਦੋ ਸੈਕਟਰਾਂ ਨਾਲ ਹੀ ਜੁੜਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜਦ ਸਾਡੇ ਬੱਚੇ ਵਿਸ਼ਵ ਮਿਆਰੀ ਸਿੱਖਿਆ ਗ੍ਰਹਿਣ ਕਰਨਗੇ ਤਾਂ ਉਹ ਵਿਸ਼ਵ ਪੱਧਰੀ ਚੁਣੌਤੀਆਂ ਦਾ ਟਾਕਰਾ ਕਰਦੇ ਹੋਏ ਦੇਸ਼ ਦੇ ਚੰਗੇ ਅਤੇ ਸਮਰਥ ਨਾਗਰਿਕ ਬਣ ਸਕਣਗੇ। ਇਸ ਮੌਕੇ ਬੋਲਦਿਆਂ ਉਨਾਂ ਨੇ ਆਖਿਆ ਕਿ ਰਾਜ ਵਿੱਚ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਕੋਲੇ ਨੀਤੀ ਅਤੇ ਨੀਅਤ ਹੋਵੇ ਤਾਂ ਸੂਬਾ ਨਵੇਂ ਦਸਹਦਿਆਂ ਤੱਕ ਪਹੁੰਚ ਸਕਦਾ ਹੈ ਅਤੇ ਪੰਜਾਬ ਦੀ ਵਰਤਮਾਨ ਸਰਕਾਰ ਕੋਲ ਨੀਅਤ ਅਤੇ ਨੀਤੀ ਦੋਨੋਂ ਹਨ ।
ਇਸ ਮੌਕੇ ਉਨਾਂ ਨੇ ਪਿੰਡ ਦੇ ਲੋਕਾਂ ਦੀ ਮੰਗ ਤੇ ਬੋਲਦਿਆਂ ਕਿਹਾ ਕਿ ਪਿੰਡ ਦੇ ਵਾਟਰ ਵਰਕਸ ਲਈ ਲੋੜੀਦੀ ਗਰਾਂਟ ਪਹਿਲ ਦੇ ਆਧਾਰ ਤੇ ਭੇਜੀ ਜਾਵੇਗੀ ।
ਇਸ ਤੋਂ ਪਹਿਲਾਂ ਉਨਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਆਖਦਿਆਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਦੱਸਿਆ ਕਿ ਹਲਕੇ ਵਿੱਚ ਸਕੂਲੀ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਸੂਬਾ ਸਰਕਾਰ ਨੇ ਹੁਣ ਤੱਕ 100 ਕਰੋੜ ਰੁਪਏ ਜਾਰੀ ਕੀਤੇ ਹਨ। ਉਹਨਾਂ ਨੇ ਕਿਹਾ ਕਿ ਹਲਕੇ ਵਿੱਚ ਹੁਣ ਤੱਕ ਕੁੱਲ 1900 ਕਰੋੜ ਰੁਪਏ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਖਰਚ ਕੀਤੇ ਗਏ ਹਨ। ਉਹਨਾਂ ਨੇ ਪਿੰਡ ਧਰਮਪੁਰਾ ਦੀ ਗੱਲ ਕਰਦਿਆਂ ਕਿਹਾ ਕਿ ਇੱਥੇ ਪਿੰਡ ਵਿੱਚ ਪੰਜ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ 90 ਲੱਖ ਰੁਪਏ ਗਊਸ਼ਾਲਾ ਲਈ ਹੋਰ ਮਨਜ਼ੂਰ ਕੀਤੇ ਗਏ ਹਨ। ਉਨਾਂ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਹਲਕੇ ਵਿੱਚ ਗਊ ਵੰਸ ਦੀ ਸੰਭਾਲ ਲਈ ਗਊਸ਼ਾਲਾਵਾਂ ਲਈ 9 ਕਰੋੜ ਰੁਪਏ ਸਰਕਾਰ ਵੱਲੋਂ ਦਿੱਤੇ ਗਏ ਹਨ ।
ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸਤੀਸ਼ ਸ਼ਰਮਾ, ਬਲਾਕ ਸਿੱਖਿਆ ਅਫਸਰ ਸਤੀਸ਼ ਮਿਗਲਾਣੀ ਤੇ ਅਜੇ ਛਾਬੜਾ ਅਤੇ ਪ੍ਰਿੰਸੀਪਲ ਜਸਵਿੰਦਰ ਸਿੰਘ, ਇੰਦਰਜੀਤ ਸਿੰਘ ਬਜਾਜ, ਜੱਜ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ