ਫਾਜ਼ਿਲਕਾ / ਜਲਾਲਾਬਾਦ 6 ਅਪ੍ਰੈਲ
ਲੋਕ ਸਭਾ ਚੋਣਾਂ 2024 ਲਈ ਸੁਖਾਵਾਂ ਮਾਹੌਲ ਮਿਲੇ ਅਤੇ ਲੋਕ ਬਿਨਾਂ ਕਿਸੇ ਡਰ ਭੈਅ ਜਾਂ ਲਾਲਚ ਦੇ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਕਰ ਸਕਣ ਇਸ ਉਦੇਸ਼ ਨਾਲ ਲੋਕਾਂ ਵਿੱਚ ਵਿਸ਼ਵਾਸ ਬਹਾਲੀ ਲਈ ਸਰਹੱਦੀ ਪਿੰਡਾਂ ਵਿੱਚ ਪੁਲਿਸ ਵੱਲੋਂ ਸੀਮਾ ਸੁਰੱਖਿਆ ਬਲ ਦੇ ਨਾਲ ਸਾਂਝੇ ਤੌਰ ਤੇ ਫਲੈਗ ਮਾਰਚ ਕੱਢਿਆ ਗਿਆ।
ਇਸ ਫਲੈਗ ਮਾਰਚ ਦੀ ਅਗਵਾਈ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ, ਐਸਐਸਪੀ ਡਾ ਪ੍ਰਗਿਆ ਜੈਨ ਆਈਪੀਐਸ ਅਤੇ ਬੀਐਸਐਫ ਦੇ ਕਮਾਂਡੈਂਟ ਐਮ ਪ੍ਰਸਾਦ ਨੇ ਕੀਤੀ। ਇਹ ਫਲੈਗ ਮਾਰਚ ਪਿੰਡ ਹਜ਼ਾਰਾਂ ਰਾਮ ਸਿੰਘ, ਸੁਖੇਰਾ ਬੋਦਲਾ, ਯੋਧਾ ਭੈਣੀ ਆਦਿ ਵਿੱਚ ਕੱਢਿਆ ਗਿਆ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਇਹ ਯਕੀਨ ਦਵਾਇਆ ਜਾ ਰਿਹਾ ਹੈ ਕਿ ਉਹ ਵੱਧ ਚੜ ਕੇ ਮਤਦਾਨ ਕਰਨ ਅਤੇ ਕਿਸੇ ਦੇ ਵੀ ਪ੍ਰਭਾਵ ਵਿੱਚ ਨਾ ਆਉਣ। ਉਹਨਾਂ ਨੇ ਕਿਹਾ ਕਿ ਇਸ ਫਲੈਗ ਮਾਰਚ ਦੇ ਰਾਹੀਂ ਮਾੜੇ ਅਨਸਰਾਂ ਨੂੰ ਵੀ ਤਾੜਨਾ ਕੀਤੀ ਜਾ ਰਹੀ ਹੈ ਕਿ ਉਹ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਵਿੱਚ ਸ਼ਾਮਿਲ ਨਾ ਹੋਣ। ਉਹਨਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਨਸ਼ੇ ਜਾਂ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਵੀ ਲਗਾਤਾਰ ਉਪਰਾਲੇ ਜਾਰੀ ਹਨ।
ਐਸਐਸਪੀ ਡਾ ਪ੍ਰਗਿਆ ਜੈਨ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਚੋਣਾਂ ਦੌਰਾਨ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ । ਲੋਕ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਆਪਣੇ ਵੋਟ ਹੱਕ ਦਾ ਇਸਤੇਮਾਲ ਨਿਡਰ ਹੋ ਕੇ ਕਰਨ ਇਸ ਲਈ ਵਿਭਾਗ ਵੱਲੋਂ ਲਗਾਤਾਰ ਜ਼ਿਲੇ ਵਿੱਚ ਫਲੈਗ ਮਾਰਚ ਕੀਤੇ ਜਾ ਰਹੇ ਹਨ ਅਤੇ ਅੱਗੇ ਤੋਂ ਵੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਉਹਨਾਂ ਨੇ ਕਿਹਾ ਕਿ ਸਰਹੱਦੀ ਪਿੰਡਾਂ ਵਿੱਚ ਬੀਐਸਐਫ ਨਾਲ ਤਾਲਮੇਲ ਕਰਕੇ ਵੀ ਫਲੈਗ ਮਾਰਚ ਜਾਰੀ ਰਹਿਣਗੇ।
ਇਸ ਮੌਕੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਫਲੈਗ ਮਾਰਚ ਨਾਲ ਮਾੜੇ ਅਨਸਰਾਂ ਵਿੱਚ ਡਰ ਪੈਦਾ ਹੋਵੇਗਾ ਅਤੇ ਲੋਕ ਵਧੇਰੇ ਸੁਰੱਖਿਤ ਮਹਿਸੂਸ ਕਰਨਗੇ ਅਤੇ ਜੇਕਰ ਕੋਈ ਗੁਪਤ ਸੂਚਨਾ ਹੋਵੇਗੀ ਤਾਂ ਲੋਕ ਬਿਨਾਂ ਡਰ ਭੈਅ ਦੇ ਇਹ ਸੂਚਨਾ ਪੁਲਿਸ ਜਾਂ ਬੀਐਸਐਫ ਨਾਲ ਸਾਂਝਾ ਕਰਨ ਲਈ ਅੱਗੇ ਆਉਣਗੇ।
ਲੋਕ ਸਭਾ ਚੋਣਾਂ ਲਈ ਸੁਖਾਵਾਂ ਮਾਹੌਲ ਸਿਰਜਣ ਦੇ ਉਦੇਸ਼ ਨਾਲ ਸਰਹੱਦੀ ਪਿੰਡਾਂ ਵਿੱਚ ਪੁਲਿਸ ਅਤੇ ਬੀਐਸਐਫ ਵੱਲੋਂ ਫਲੈਗ ਮਾਰਚ


