ਫਾਜ਼ਿਲਕਾ 8 ਮਾਰਚ
ਫਾਜਿਲਕਾ ਜਿਲੇ ਦੇ ਪ੍ਰਗਤੀਸ਼ੀਲ ਕਿਸਾਨ ਬਾਗਬਾਨੀ ਵਿੱਚ ਜਿੱਥੇ ਨਾਮਨਾ ਖੱਟ ਰਹੇ ਹਨ, ਉੱਥੇ ਆਪਣੇ ਤਜਰਬਿਆਂ ਨਾਲ ਹੋਰਨਾਂ ਲਈ ਪ੍ਰੇਰਨਾ ਸਰੋਤ ਸਿੱਧ ਹੋ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਪਿੰਡ ਰਾਮਕੋਟ ਦਾ ਓਮ ਪ੍ਰਕਾਸ਼ ਭਾਂਬੂ। ਉਹ ਪਰਾਲੀ ਦੀ ਵਰਤੋਂ ਕਿੰਨੂੰ ਦੇ ਬਾਗਾਂ ਵਿੱਚ ਮਲਚਿੰਗ ਲਈ ਕਰ ਰਿਹਾ ਹੈ।
ਓਮ ਪ੍ਰਕਾਸ਼ ਭਾਂਬੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਿੰਨੂੰ ਦੇ ਬਾਗਾਂ ਹੇਠ ਪ੍ਰਤੀ ਏਕੜ ਚਾਰ ਟਨ ਪਰਾਲੀ ਵਿਛਾ ਦਿੰਦਾ ਹੈ। ਇਹ ਕੰਮ ਉਹ ਫਰਵਰੀ ਮਾਰਚ ਵਿੱਚ ਖਾਦਾਂ ਪਾਉਣ ਤੋਂ ਬਾਅਦ ਕਰਦਾ ਹੈ। ਇਹ ਪਰਾਲੀ ਧਰਤੀ ਦੇ ਤਾਪਮਾਨ ਨੂੰ ਠੰਡਾ ਰੱਖਦੀ ਹੈ ਅਤੇ ਜਮੀਨ ਵਿੱਚੋਂ ਨਮੀ ਨਹੀਂ ਉੱਡਣ ਦਿੰਦੀ ।
ਕਿਸਾਨ ਆਖਦਾ ਹੈ ਕਿ ਉਸ ਦੇ ਪਿੰਡ ਨਹਿਰੀ ਪਾਣੀ ਦੀ ਘਾਟ ਹੈ ਅਤੇ ਉਸ ਵੱਲੋਂ ਇਸ ਲਈ ਆਪਣੇ ਸਾਰੇ ਬਾਗ ਵਿੱਚ ਬੂੰਦ ਬੂੰਦ ਸਿੰਚਾਈ ਪ੍ਰਣਾਲੀ ਲਗਾਈ ਹੋਈ ਹੈ । ਉਹ ਆਖਦਾ ਹੈ ਕਿ ਇਸ ਤਰੀਕੇ ਨਾਲ ਜਿੱਥੇ ਉਸਦਾ ਵੱਡੀ ਮਾਤਰਾ ਵਿੱਚ ਪਾਣੀ ਬਚਦਾ ਹੈ ਉੱਥੇ ਹੀ ਉਹ ਬਾਗ ਥੱਲੇ ਪਰਾਲੀ ਵਿਛਾ ਕੇ ਪਾਣੀ ਦੇ ਵਾਸ਼ਪੀਕਰਨ ਨੂੰ ਹੋਰ ਵੀ ਘਟਾ ਲੈਂਦਾ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈ। ਇਸ ਤੋਂ ਬਿਨਾਂ ਧਰਤੀ ਤੋਂ ਗਰਮੀਆਂ ਵਿੱਚ ਵੱਧ ਤਾਪਮਾਨ ਕਾਰਨ ਬਾਗ ਨੂੰ ਸਾੜਾ ਨਹੀਂ ਲੱਗਦਾ ਅਤੇ ਜੜਾਂ ਦਾ ਤਾਪਮਾਨ ਦਰੁਸਤ ਰਹਿੰਦਾ ਹੈ ਜਿਸ ਕਰਕੇ ਬਾਗ ਵਧੀਆ ਵਾਧਾ ਕਰਦਾ ਹੈ।
ਓਮ ਪ੍ਰਕਾਸ਼ ਭਾਂਬੂ ਦੱਸਦਾ ਹੈ ਕਿ ਛੇ ਸੱਤ ਮਹੀਨਿਆਂ ਵਿੱਚ ਇਹ ਪਰਾਲੀ ਖਾਦ ਦੇ ਰੂਪ ਵਿੱਚ ਬਦਲ ਜਾਂਦੀ ਹੈ ਜਿਸ ਨਾਲ ਉਸਦੀ ਜਮੀਨ ਵਿੱਚ ਕਾਰਬਨਿਕ ਮਾਦਾ ਵੱਧਦਾ ਹੈ । ਓਮ ਪ੍ਰਕਾਸ਼ ਭਾਂਬੂ ਪੰਜ ਏਕੜ ਵਿੱਚ ਖੁਦ ਝੋਨੇ ਦੀ ਕਾਸ਼ਤ ਕਰਦਾ ਹੈ ਜਦਕਿ ਬਾਕੀ ਦੀ ਪਰਾਲੀ ਉਹ ਹੋਰ ਕਿਸਾਨਾਂ ਤੋਂ ਮੁੱਲ ਲੈਂਦਾ ਹੈ।
ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ ਜਗਦੀਸ਼ ਅਰੋੜਾ ਦੱਸਦੇ ਹਨ ਕਿ ਜੇਕਰ ਕਿਸਾਨ ਪਰਾਲੀ ਦੀ ਵਰਤੋਂ ਬਾਗਾਂ ਵਿੱਚ ਕਰਨ ਤਾਂ ਇਹ ਬਹੁਤ ਹੀ ਲਾਭਕਾਰੀ ਸਿੱਧ ਹੁੰਦੀ ਹੈ । ਉਹਨਾਂ ਅਨੁਸਾਰ ਚਾਰ ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਬਾਗਾਂ ਥੱਲੇ ਪਰਾਲੀ ਵਿਛਾਉਣ ਦਾ ਇਹ ਸਹੀ ਸਮਾਂ ਹੈ ।