ਮਾਨਸਾ, 15 ਮਈ :
ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਲੋਕ ਸਭਾ ਹਲਕਾ 11-ਬਠਿੰਡਾ ਲਈ ਨਿਯੁਕਤ ਖਰਚਾ ਆਬਜ਼ਰਵਰ ਮੈਡਮ ਨੰਦਨੀ ਆਰ ਨਾਇਰ, ਆਈ.ਆਰ.ਐੱਸ. ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪਰਮਵੀਰ ਸਿੰਘ, ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਨਿਰਮਲ ਓਸੇਪਚਨ, ਐਸ.ਪੀ ਜਸਕੀਰਤ ਸਿੰਘ ਅਤੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਖ਼ਰਚਾ ਨਿਗਰਾਨ ਟੀਮਾਂ ਨਾਲ ਬੈਠਕ ਕੀਤੀ।
ਇਸ ਮੌਕੇ ਇੱਥੇ ਪੁੱਜਣ ’ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਰਮਵੀਰ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਖਰਚਾ ਆਬਜ਼ਰਵਰ ਮੈਡਮ ਨੰਦਨੀ ਆਰ ਨਾਇਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਚੋਣ ਖਰਚ ’ਤੇ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਹਰ ਪ੍ਰਕਾਰ ਦਾ ਖਰਚਾ ਸ਼ੈਡੋ ਰਜਿਸਟਰ ਵਿਚ ਨਿਯਮਾਂ ਅਨੁਸਾਰ ਦਰਜ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੀ ਹਰ ਗਤੀਵਿਧੀ ਅਤੇ ਉਨ੍ਹਾਂ ਵੱਲੋਂ ਚੋਣਾਂ ਦੌਰਾਨ ਕੀਤੇ ਜਾਂਦੇ ਖ਼ਰਚਿਆਂ ਉੱਤੇ ਚੌਕਸੀ ਨਾਲ ਨਜ਼ਰ ਰੱਖਣ ਦੀ ਲੋੜ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਦੇ ਖ਼ਰਚਿਆਂ ਦਾ ਸ਼ੈਡੋ ਰਜਿਸਟਰਾਂ ਨਾਲ ਮਿਲਾਣ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਫੀਲਡ ਵਿੱਚ ਤਾਇਨਾਤ ਟੀਮਾਂ ਚੋਣ ਪ੍ਰਚਾਰ ਕਰਦੇ ਵਾਹਨਾਂ ਉਤੇ ਲਗਾਈ ਜਾਣ ਵਾਲੀ ਪ੍ਰਚਾਰ ਸਮੱਗਰੀ ’ਤੇ ਵੀ ਨਜ਼ਰ ਰੱਖਣ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਰਚਾ ਨਿਗਰਾਨ ਟੀਮਾਂ ਨੂੰ ਹਦਾਇਤ ਕੀਤੀ ਕਿ ਚੋਣਾਂ ਸਬੰਧੀ ਕਿਸੇ ਵੀ ਕਿਸਮ ਦਾ ਖ਼ਰਚਾ ਛੁਪਾਉਣ ਜਾਂ ਘੱਟ ਦਰਸਾਉਣ ’ਤੇ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਚੋਣ ਮੀਟਿਗਾਂ ਆਦਿ ਤੋਂ ਪਹਿਲਾਂ ਏ ਆਰ.ਓ. ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ।
ਮੀਟਿੰਗ ਤੋ ਬਾਅਦ ਖਰਚਾ ਆਬਜ਼ਰਵਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪਰਮਵੀਰ ਸਿੰਘ ਨੇ ਸ਼ਿਕਾਇਤ ਸੈੱਲ ਅਤੇ ਖਰਚਾ ਸੈੱਲ ਦਾ ਦੌਰਾ ਕੀਤਾ ਅਤੇ ਸਮੁੱਚੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ।
ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਮਾਨਸਾ ਸ੍ਰ. ਮਨਜੀਤ ਸਿੰਘ ਰਾਜਲਾ, ਸਹਾਇਕ ਰਿਟਰਨਿੰਗ ਅਫ਼ਸਰ ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ, ਸਹਾਇਕ ਰਿਟਰਨਿੰਗ ਅਫ਼ਸਰ ਬੁਢਲਾਡਾ ਸ੍ਰ ਗਗਨਦੀਪ ਸਿੰਘ, ਨੋਡਲ ਅਫ਼ਸਰ ਖਰਚਾ ਸੈੱਲ ਸ੍ਰੀ ਪਵਨ ਕੁਮਾਰ, ਹਰਪ੍ਰੀਤ ਸਿੰਘ ਐਕਸਾਈਜ਼ ਅਫ਼ਸਰ, ਯਸ਼ਪਾਲ ਇਨਕਮ ਟੈਕਸ ਅਫ਼ਸਰ ਤੋਂ ਇਲਾਵਾ ਜ਼ਿਲ੍ਹੇ ਦੇ ਤਿੰਨੋ ਹਲਕਿਆਂ ਦੇ ਸਹਾਇਕ ਖ਼ਰਚਾ ਅਬਜ਼ਰਵਰ ਹਾਜ਼ਰ ਸਨ।
ਖ਼ਰਚਾ ਆਬਜ਼ਰਵਰ ਨੇ ਜ਼ਿਲ੍ਹਾ ਖ਼ਰਚਾ ਨਿਗਰਾਨ ਸੈੱਲ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ


