ਮਾਨਸਾ, 9 ਜਨਵਰੀ :
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਵਿੱਚ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਅਤੇ ਭੀਖੀ ਵਿਖੇ ਪ੍ਰਧਾਨ ਮੰਤਰੀ ਮਾਤ੍ਰਿਤਵ ਸੁੱਰਖਿਆ ਅਭਿਆਨ ਤਹਿਤ ਗਰਭਵਤੀ ਔਰਤਾਂ ਦੇ ਜਾਂਚ ਕੈਂਪ ਲਗਾਏ ਗਏ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤ੍ਰਿਤਵ ਸੁੱਰਖਿਆ ਅਭਿਆਨ ਤਹਿਤ ਹਰ ਮਹੀਨੇ ਦੀ 9 ਤਾਰੀਖ ਨੂੰ ਉੱਚ ਜੋਖ਼ਮ ਗਰਭਵਤੀ ਔਰਤਾਂ ਦੀ ਜ਼ਰੂਰੀ ਜਾਂਚ, ਖੂਨ ਦੀ ਜਾਂਚ ਅਤੇ ਸ਼ੂਗਰ ਟੈਸਟ ਆਦਿ ਮੁਫਤ ਕੀਤੇ ਜਾਂਦੇ ਹਨ।
ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਔਰਤਾਂ ਦੇ ਮਾਹਿਰ ਡਾਕਟਰ ਵੱਲੋਂ ਇਨ੍ਹਾਂ ਸਪੈਸ਼ਲ ਕੈਂਪਾ ਦੌਰਾਨ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਜਲਦੀ ਪਹਿਚਾਣ ਕਰਕੇ ਨਾਰਮਲ ਡਿਲਿਵਰੀ ਅਤੇ ਅਗਾਊਂ ਪ੍ਰਬੰਧ ਤਹਿਤ ਸਿਜ਼ੇਰੀਅਨ ਕਰਨ ਲਈ ਸਮੂਦਾਇਕ ਸਿਹਤ ਕੇਂਦਰ ਖਿਆਲਾ ਵਿਖੇ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਹਾਈ ਰਿਸਕ ਗਰਭਵਤੀ ਔਰਤਾਂ ਦੀ ਪਹਿਚਾਣ ਕਰਕੇ ਉਚੇਰੀ ਸਿਹਤ ਸੰਸਥਾਵਾਂ ਵਿੱਚ ਭੇਜਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਦੇ ਤਿੰਨ ਜ਼ਰੂਰੀ ਚੈਕਅੱਪ ਕਰਵਾਉਣ ਨਾਲ ਜਣੇਪੇ ਦੌਰਾਨ ਹੋਣ ਵਾਲੀਆਂ ਮੁਸ਼ਕਲਾਂ ਅਤੇ ਔਰਤਾਂ ਦੀ ਮੌਤ ਦਰ ਨੂੰ ਘੱਟ ਕਰਨ ਵਿੱਚ ਮੱਦਦ ਮਿਲੇਗੀ। ਗਰਭ ਦੌਰਾਨ ਖ਼ਤਰੇ ਦੇ ਚਿੰਨ੍ਹਾਂ ਦੀ ਪਹਿਚਾਣ ਬਾਰੇ ਅਤੇ ਗਰਭਵਤੀ ਔਰਤਾਂ ਨੂੰ ਜੱਚਾ-ਬੱਚਾ ਕਾਰਡ ਵਿੱਚ ਦਰਜ ਜਾਣਕਾਰੀ ਰਾਹੀਂ ਗਰਭ ਸਮੇਂ ਹੋਣ ਵਾਲੀਆਂ ਮੁਸ਼ਕਲਾਂ ਅਤੇ ਬੱਚੇ ਦੀ ਸੰਭਾਲ ਬਾਰੇ ਅਤੇ ਖੂਨ ਦੀ ਮਾਤਰਾ ਪੂਰੀ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ।
ਕੈਂਪ ਦੌਰਾਨ ਔਰਤਾਂ ਦੇ ਮਾਹਿਰ ਡਾਕਟਰ ਜੋਤੀ ਸ਼ਾਰਦਾ ਵੱਲੋਂ ਔਰਤਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਲਾਭਪਾਤਰੀ ਔਰਤਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਸਮੂਦਾਇਕ ਸਿਹਤ ਕੇਂਦਰ ਖ਼ਿਆਲਾ ਕਲਾਂ ਅਤੇ ਭੀਖੀ ਵਿਖੇ ਲਗਾਇਆ ਗਰਭਵਤੀ ਔਰਤਾਂ ਲਈ ਜਾਂਚ ਕੈਂਪ


