ਠੰਢ ਵਧਣ ਕਾਰਨ ਤਣੇ ਦੀ ਗੁਲਾਬੀ  ਸੁੰਡੀ ਦਾ ਕਣਕ ਦੀ ਫ਼ਸਲ ਉੱਪਰ ਪ੍ਰਭਾਵ ਘਟਿਆ : ਮੁੱਖ ਖੇਤੀਬਾੜੀ ਅਫ਼ਸਰ 

Faridkot Politics Punjab

ਫਰੀਦਕੋਟ: 31 ਦਸੰਬਰ 2024 ( )            ਚਾਲੂ ਹਾੜ੍ਹੀ ਸੀਜ਼ਨ ਦੌਰਾਨ ਦਸੰਬਰ ਮਹੀਨੇ ਵਿਚ ਤਾਪਮਾਨ ਵੱਧ ਹੋਣ ਕਾਰਨ ਤਣੇ ਦੀ ਗੁਲਾਬੀ ਸੁੰਡੀ ਕਣਕ ਦੀ ਫ਼ਸਲ ਦਾ ਨੁਕਸਾਨ ਕਰ ਰਹੀ ਸੀ  ਪਰ ਹੁਣ ਮੌਸਮ ਵਿਚ ਆਈ ਤਬਦੀਲੀ ਕਾਰਨ ਸਰਦੀ ਵਧਣ ਦੇ ਨਾਲ ਸੁੰਡੀ ਸੁਸਤ ਹਾਲਤ ਵਿੱਚ ਜਾਣ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਘਟ ਜਾਵੇਗਾ ਜਿਸ ਕਾਰਨ ਕਿਸਾਨਾਂ ਨੁੰ ਘਬਰਾਉਣ ਦੀ ਜ਼ਰੂਰਤ ਨਹੀਂ। ਪਿੰਡ ਡੱਲੇਵਾਲਾ ਵਿਚ ਕਿਸਾਨ ਆਗੂ ਜਗਜੀਤ ਸਿੰਘ ਦੇ ਖੇਤਾਂ ਵਿਚ ਕਣਕ ਦੀ ਫ਼ਸਲ ਦਾ ਜਾਇਜ਼ਾ ਲੈਂਦਿਆਂ  ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਬਰਸਾਤ ਪੈਣ ਅਤੇ ਸਰਦੀ ਵਧਣ ਕਾਰਨ ਰਾਤ ਦਾ ਤਾਪਮਾਨ ਕਾਫੀ ਘਟ ਗਿਆ ਹੈ ਜਿਸ ਕਾਰਨ ਤਣੇ ਦੀ ਗੁਲਾਬੀ ਸੁੰਡੀ ਸੁਸਤ ਹਾਲਤ ਵਿੱਚ ਜਾ ਰਹੀ ਹੈ ਅਤੇ ਸੁੰਡੀ ਕਣਕ ਦੀ ਫ਼ਸਲ ਦਾ ਨੁਕਸਾਨ ਕਰਨ ਦੀ ਹਾਲਤ ਵਿਚ ਨਹੀਂ ਰਹੀ ਪ੍ਰੰਤੂ ਫਿਰ ਵੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮੌਸਮ ਗਰਮ ਰਹਿਣ ਕਾਰਨ ਸੁੰਡੀ ਦਾ ਹਮਲਾ ਵਧੇਰੇ ਦੇਖਿਆ ਗਿਆ ਹੈ ਅਤੇ ਇਹ ਹਮਲਾ ਨਵੰਬਰ ਦੇ ਪਹਿਲੇ ਪੰਦਰਵਾੜੇ ਦੌਰਾਨ ਬੀਜੀ ਗਈ ਕਣਕ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਦੇਖਣ ਨੂੰ ਮਿਲਿਆ ਹੈ ਜਦ ਕਿ ਨਵੰਬਰ ਦੇ ਦੂਜੇ ਪੰਦਰਵਾੜੇ ਦੌਰਾਨ ਬੀਜੀ ਗਈ ਕਣਕ ਦੀ ਫ਼ਸਲ ਉੱਪਰ ਸੁੰਡੀ ਦਾ ਹਮਲਾ ਘਟ ਦੇਖਣ ਨੁੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਵੀ ਦੇਖਿਆ ਗਿਆ ਹੈ ,ਸੁੰਡੀ ਨਾਲ ਪ੍ਰਭਾਵਤ ਕਣਕ ਦਾ ਬੂਟਾ ਵਧੇਰੇ ਸ਼ਾਖਾਵਾਂ ਪੈਦਾ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਸੁੰਡੀ ਦੀ ਰੋਕਥਾਮ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਰਕੇ ਇਸ ਸੁੰਡੀ ਦੇ ਹਮਲੇ ਅਤੇ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਫ਼ਸਲ ਉੱਪਰ ਤਣੇ ਦੀ ਗੁਲਾਬੀ ਸੁੰਡੀ ਨੇ ਹਮਲੇ ਕਾਰਨ  ਕਿਸਾਨਾਂ ਨੁੰ ਘਬਰਾਉਣ ਦੀ ਨਹੀਂ ਸਗੋਂ ਸਮੇਂ ਸਿਰ ਇਲਾਜ ਕਰਨ ਦੀ ਜ਼ਰੂਰਤ ਹੈ ।

ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਦਾ ਪਹਿਲਾ ਪਾਣੀ ਲਾਉਣ ਤੋਂ ਪਹਿਲਾ ਨਿਰੀਖਣ ਕਰਨਾ ਚਾਹੀਦਾ ਜੇਕਰ ਗੁਲਾਬੀ ਸੁੰਡੀ ਦਾ ਹਮਲਾ ਦਿਖਾਈ ਦੇਵੇ ਤਾਂ ਤੁਰੰਤ ਇਲਾਜ ਕਰਨ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਅਤੇ ਘਬਰਾਹਟ ਵਿਚ ਕਣਕ ਦੀ ਫ਼ਸਲ ਨੂੰ ਨਹੀਂ ਵਾਹੁਣਾ ਚਾਹੀਦਾ।ਉਨ੍ਹਾਂ ਦੱਸਿਆ ਕਿ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਉੱਪਰ ਨਾ ਜਾਵੇ । 

ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ ਵੱਖ ਪਿੰਡਾਂ ਵਿਚ ਕੀਤੇ ਸਰਵੇ ਦੌਰਾਨ ਪਾਇਆ ਗਿਆ ਹੈ ਕਿ ਤਣੇ ਦੀ ਗੁਲਾਬੀ ਸੁੰਡੀ ਹਰੇਕ ਤਰਾਂ ਦੀ ਤਕਨਾਲੋਜੀ (ਸੁਪਰ ਸੀਡਰ,ਹੈਪੀ ਸੀਡਰ , ਬੇਲਿੰਗ,ਪਰਾਲੀ ਨੂੰ ਅੱਗ ਲਗਾ ਕੇ ) ਨਾਲ ਬੀਜੀ ਕਣਕ ਦੀ ਫ਼ਸਲ ਵਿਚ ਦੇਖੀ ਗਈ ਹੈ।

ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਨੂੰ ਦਿਨ ਸਮੇਂ ਪਹਿਲਾ ਪਾਣੀ ਲਗਾਉਣ ਨੂੰ ਤਰਜ਼ੀਹ ਦਿਉ ਤਾਂ ਜੋ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ। 

ਇਸ ਮੌਕੇ ਡਾ. ਰਾਜਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ,ਡਾਕਟਰ ਦਵਿੰਦਰ ਪਾਲ ਸਿੰਘ ਗਰੇਵਾਲ ਖੇਤੀਬਾੜੀ ਵਿਸਥਾਰ ਅਫ਼ਸਰ , ਨੌਜਵਾਨ ਮਨਜਿੰਦਰ ਸਿੰਘ  ਸਮੇਤ ਹੋਰ ਕਿਸਾਨ ਹਾਜ਼ਰ ਸਨ।