ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਜ਼ਿਲ੍ਹਾ ਹਸਪਤਾਲ ਬੱਬਰੀ ਵਿਖੇ ਪਲੇਟਲੈਟ ਬਣਾਉਣ ਵਾਲੀ ਅਪਹੈਰਸਿਸ ਮਸ਼ੀਨ ਨੇ ਕੰਮ ਕਰਨਾ ਸ਼ੁਰੂ ਕੀਤਾ

Gurdaspur Politics Punjab

ਗੁਰਦਾਸਪੁਰ, 05 ਅਪ੍ਰੈਲ (         ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਗੁਰਦਾਸਪੁਰ ਵਾਸੀਆਂ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਰਾਹਤ ਮਿਲੀ ਹੈ। ਹੁਣ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਭਾਰੀ ਰਕਮ ਖ਼ਰਚ ਕਰਕੇ ਪਲੇਟਲੈਟ ਨਹੀਂ ਚੜ੍ਹਵਾਉਣੇ ਪੈਣਗੇ ਬਲਕਿ ਜ਼ਿਲ੍ਹਾ ਹਸਪਤਾਲ ਬੱਬਰੀ (ਗੁਰਦਾਸਪੁਰ) ਵਿਖੇ ਸਿਰਫ਼ 2000 ਰੁਪਏ ਖ਼ਰਚ ਕਰਕੇ ਮਰੀਜ਼ ਪਲੇਟਲੈਟ ਚੜ੍ਹਵਾ ਸਕਣਗੇ।  

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਜ਼ਿਲ੍ਹਾ ਹਸਪਤਾਲ ਬੱਬਰੀ (ਗੁਰਦਾਸਪੁਰ) ਵਿਖੇ ਪਲੇਟਲੈਟ ਬਣਾਉਣ ਵਾਲੀ ਅਪਹੈਰਸਿਸ ਮਸ਼ੀਨ (ਐੱਸ.ਡੀ.ਪੀ.ਸੀ.) ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਉਦਘਾਟਨ ਅੱਜ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਕੀਤਾ ਗਿਆ। ਇਸ ਮਸ਼ੀਨ ਨਾਲ ਨਾ ਸਿਰਫ਼ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਫ਼ਾਇਦਾ ਹੋਵੇਗਾ, ਸਗੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਨੂੰ ਵੀ ਪਲੇਟਲੈਟ ਸਰਕਾਰੀ ਹਸਪਤਾਲ ਦੀ ਕੀਮਤ ‘ਤੇ ਹੀ ਮਿਲਣਗੇ।

ਐਫਰੇਸਿਸ ਮਸ਼ੀਨ ਦਾ ਉਦਘਾਟਨ ਕਰਨ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜੋ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਕੀਤੇ ਜਾ ਰਹੇ ਹਨ ਉਸੇ ਲੜੀ ਤਹਿਤ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਪਲੇਟਲੈਟਸ ਚੜ੍ਹਾਉਣ ਵਾਲੀ ਅਪਹੈਰਸਿਸ ਮਸ਼ੀਨ ਨੂੰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਸ਼ੁਰੂ ਹੋਈ ਇਹ ਮਸ਼ੀਨ ਜ਼ਿਲ੍ਹੇ ਵਿੱਚ ਕਿਸੇ ਹੋਰ ਹਸਪਤਾਲ ਵਿੱਚ ਉਪਲਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਮਰੀਜ਼ ਜੋ ਪਲੇਟਲੈਟਸ ਦੀ ਘਾਟ ਦਾ ਸਾਹਮਣਾ ਕਰ ਰਹੇ ਸਨ, ਉਨ੍ਹਾਂ ਨੂੰ ਪ੍ਰਾਈਵੇਟ ਬਲੱਡ ਬੈਂਕਾਂ ਤੋਂ ਮਹਿੰਗੇ ਭਾਅ ‘ਤੇ ਪਲੇਟਲੈਟਸ ਖ਼ਰੀਦਣ ਲਈ ਮਜਬੂਰ ਹੋਣਾ ਪੈਂਦਾ ਸੀ ਅਤੇ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਿੱਚ 15 ਹਜ਼ਾਰ ਦੇ ਕਰੀਬ ਪਲੇਟਲੈਟਸ ਦੀ ਕੀਮਤ ਚੁਕਾਉਣੀ ਪੈਂਦੀ ਸੀ। ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹਾ ਹਸਪਤਾਲ ਵਿੱਚ ਮਰੀਜ਼ਾਂ ਨੂੰ ਪਲੇਟਲੈਟਸ ਸਿਰਫ 2000 ਰੁਪਏ ਦੀ ਸਰਕਾਰੀ ਫ਼ੀਸ ਦੇ ਕੇ ਮਿਲ ਜਾਣਗੇ। ਉਨ੍ਹਾਂ ਕਿਹਾ ਕਿ ਪਲੇਟਲੈਟਸ ਲੈਣ ਵਾਲੇ ਮਰੀਜ਼ ਨੂੰ ਬੱਸ ਆਪਣੇ ਨਾਲ ਇੱਕ ਪਲੇਟਲੈੱਟਸ ਦਾਨੀ ਨੂੰ ਲਿਆਉਣਾ ਪਵੇਗਾ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਬਲੱਡ ਬੈਂਕ ਦੀ ਇੰਚਾਰਜ ਡਾ. ਪੂਜਾ ਮਹੰਤ, ਐੱਲ.ਟੀ. ਇਕਬਾਲ, ਐੱਲ.ਟੀ. ਕੰਵਰ ਅਤੇ ਐੱਲ.ਟੀ. ਪ੍ਰਦੀਪ ਨੂੰ ਸਿਹਤ ਵਿਭਾਗ ਵੱਲੋਂ ਅਪਹੈਰਸਿਸ ਮਸ਼ੀਨ ਰਾਹੀਂ ਪਲੇਟਲੈਟਸ ਚੜ੍ਹਾਉਣ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਇਹ ਸਟਾਫ਼ ਹੁਣ ਪੂਰੀ ਤਰ੍ਹਾਂ ਟਰੇਂਡ ਹੈ। ਉਨ੍ਹਾਂ ਹਸਪਤਾਲ ਦੇ ਸਟਾਫ਼ ਨੂੰ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਮਰੀਜ਼ਾਂ ਦਾ ਇਲਾਜ ਕਰਕੇ ਆਪਣੇ ਡਾਕਟਰੀ ਪੇਸ਼ੇ ਦੀ ਸ਼ਾਨ ਅਤੇ ਵਿਸ਼ਵਾਸ ਨੂੰ ਹੋਰ ਵਧਾਉਣ। ਇਸ ਮੌਕੇ ਉਨ੍ਹਾਂ ਨੇ ਗੁਰਦਾਸਪੁਰ ਵਿੱਚ ਮਿਆਰੀ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਵੀ ਧੰਨਵਾਦ ਕੀਤਾ।  

ਅੱਜ ਅਪਹੈਰਸਿਸ ਮਸ਼ੀਨ ਦੀ ਸ਼ੁਰੂਆਤ ਮੌਕੇ ਉੱਘੇ ਸਮਾਜ ਸੇਵੀ ਗੁਰਸ਼ਰਨਜੀਤ ਸਿੰਘ ਪੁਰੇਵਾਲ ਨੇ ਆਪਣੇ ਪਲੈਟਲੈੱਟਸ ਦਾਨ ਕੀਤੇ। ਇਸ ਮੌਕੇ ਸਾਬਕਾ ਸਿਵਲ ਸਰਜਨ ਡਾ. ਭਾਰਤ ਭੂਸ਼ਨ, ਜ਼ਿਲ੍ਹਾ ਹਸਪਤਾਲ ਦੇ ਐੱਸ.ਐੱਮ.ਓ. ਡਾ. ਅਰਵਿੰਦ ਮਹਾਜਨ, ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਅਦਰਸ਼ ਕੁਮਾਰ, ਰਾਜੇਸ਼ ਬੱਬੀ, ਦੀਪਕ ਕੁਮਾਰ, ਸੁਖਵਿੰਦਰ ਸਿੰਘ ਮੱਲੀ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *