ਮਾਨਸਾ 27 ਫਰਵਰੀ:
~ਨਸ਼ੇ ਦੇ ਆਦੀ ਵਿਅਕਤੀ ਦੀ ਕਾਊਂਸਲਿੰਗ ਕਰਕੇ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਨਸ਼ਾ ਕਰਨਾ ਵਾਲਾ ਵਿਅਕਤੀ ਇਸ ਅਲ੍ਹਾਮਤ ਨੂੰ ਤਿਆਗ ਕੇ ਸਮਾਜ ਦਾ ਇਕ ਚੰਗਾ ਨਾਗਰਿਕ ਬਣ ਕੇ ਆਪਣਾ ਜੀਵਨ ਪੱਧਰ ਸੁਧਾਰ ਸਕੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ, ਮਾਨਸਾ ਅਤੇ ਖਿਆਲਾ ਕਲਾਂ ਦਾ ਅਚਨਚੇਤ ਦੌਰਾ ਕਰਨ ਮੌਕੇ ਕੀਤਾ।
ਇਸ ਮੌਕੇ ਉਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਦੀ ਇਮਾਰਤ ਵਿੱਚ ਪਾਈਆਂ ਕਮੀਆਂ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਪ੍ਰਪੋਜ਼ਲ ਤਿਆਰ ਕਰਕੇ ਭੇਜਣ ਦੀ ਹਦਾਇਤ ਕੀਤੀ। ਉਨ੍ਹਾਂ ਕਿ ਨਸ਼ਾ ਛੁਡਾਊ ਕੇਂਦਰ ਅੰਦਰ ਆਉਣ ਵਾਲੇ ਮਰੀਜ਼ਾਂ ਲਈ ਲੋੜੀਂਦੀਆਂ ਸੁਵਿਧਾਵਾਂ ਹੋਣੀਆਂ ਲਾਜ਼ਮੀ ਹਨ ਤਾਂ ਜੋ ਮਰੀਜ਼ ਦੇ ਇਲਾਜ਼ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਵੀ ਲਾਜ਼ਮੀ ਹੈ, ਜਿਸ ਤਰ੍ਹਾਂ ਸਾਨੂੰ ਜ਼ਿੰਦਗੀ ਜਿਉਣ ਲਈ ਭੋਜਨ, ਪਾਣੀ, ਕੱਪੜੇ ਅਤੇ ਮਕਾਨ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਸਾਡੇ ਸਰੀਰ ਨੂੰ ਖੇਡਾਂ ਕਸਰਤ /ਯੋਗਾ, ਸੈਰ ਅਤੇ ਸਾਈਕਲਿੰਗ ਦੀ ਵੀ ਜ਼ਰੂਰਤ ਹੈ।
ਇਸ ਮੌਕੇ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਕਿਹਾ ਕਿ ਨਸ਼ੇ ਦਾ ਆਦੀ ਵਿਅਕਤੀ ਚਾਹੇ ਤਾਂ ਇਕ ਮਹੀਨਾ ਕਿਸੇ ਵੀ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਹੋ ਕੇ ਨਸ਼ਾ ਛੱਡ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਡਾਕਟਰਾਂ ਦੁਆਰਾ ਸਮੇਂ ਸਮੇਂ ’ਤੇ ਜਾਂਚ ਕੀਤੀ ਜਾਂਦੀ ਹੈ ਅਤੇ ਮਰੀਜ਼ ਨੂੰ ਲੋੜ ਅਨੁਸਾਰ ਦਵਾਈ ਦੀ ਮਾਤਰਾ ਘੱਟ ਦਿੱਤੀ ਜਾਂਦੀ ਹੈ, ਇਸ ਦੇ ਨਾਲ ਹੀ ਇਨ੍ਹਾਂ ਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਕਾਊਂਸਲਿੰਗ ਕਰਕੇ ਤਕਨੀਕੀ ਕੰਮ ਅਤੇ ਰੁਜ਼ਗਾਰ ਦੇ ਹੋਰ ਤਰੀਕਿਆ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।
ਇਸ ਮੌਕੇ, ਸੀਨੀਅਰ ਮੈਡੀਕਲ ਅਫ਼ਸਰ ਖਿਆਲਾ ਕਲਾਂ ਡਾ. ਰਵਿੰਦਰ ਸਿੰਗਲਾ, ਡਾ. ਬਲਜੀਤ ਕੌਰ ਡੀ.ਐਮ.ਸੀ. ਮਾਨਸਾ ਅਤੇ ਵਿਜੈ ਕੁਮਾਰ ਜੈਨ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਮਾਨਸਾ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਹਾਜ਼ਰ ਹਨ ।