ਡਾ: ਕਰਨਜੀਤ ਸਿੰਘ ਗਿੱਲ ਨੇ ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਵਜੋਂ ਸੰਭਾਲਿਆ ਅਹੁਦਾ

Politics Punjab Sri Muktsar Sahib

ਸ੍ਰੀ ਮੁਕਤਸਰ ਸਾਹਿਬ 24 ਮਾਰਚ

  ਡਾ: ਕਰਨਜੀਤ ਸਿੰਘ ਗਿੱਲ ਨੇ ਅੱਜ ਮੁੱਖ ਖੇਤੀਬਾੜੀ ਅਫ਼ਸਰ, ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਅਹੁਦਾ ਸੰਭਾਲਿਆ।

 ਡਾ: ਗਿੱਲ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਪਾਣੀ ਦੀ ਬੱਚਤ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਸਬੰਧੀ ਫ਼ਸਲੀ ਵਿਭਿੰਨਤਾ ਤਹਿਤ ਨਰਮਾਂ, ਮੱਕੀ ਦਾ ਰਕਬਾ ਵਧਾਉਣਾ, ਫਸਲਾਂ ਦੀ ਰਹਿੰਦ—ਖੂੰਹਦ ਦੀ ਸੰਭਾਲ, ਮਿਆਰੀ ਖੇਤੀ ਵਸਤਾਂ ਦੀ ਵਿਕਰੀ ਕਰਵਾਉਣਾ ਆਦਿ ਹੈ।

ਇਸ ਤੋਂ ਇਲਾਵਾ ਸਰਕਾਰ ਵੱਲੋਂ ਸੌਂਪੇ ਟੀਚਿਆਂ ਨੂੰ ਪੂਰਾ ਕਰਨ ਦੇ ਨਾਲ— ਨਾਲ ਕਿਸਾਨੀ ਦੀ ਭਲਾਈ ‘ਚ ਨਵੀਂ ਵਿਉਂਤਬੰਦੀ ਬਣਾ ਕੇ ਉਸ’ ਤੇ ਕੰਮ ਕਰਨਾ ਜਿਵੇਂ ਪਲਾਂਟ ਕਲੀਨਿਕ, ਜ਼ਿਲ੍ਹੇ ਦਾ ਯੂ.ਟਿਊਬ ਚੈਨਲ, ਸਰਕਲ ਪੱਧਰ ਤੇ ਵਾਟਸਐਪ ਗਰੁੱਪਾਂ ਚ ਵੱਧ ਤੋਂ ਵੱਧ ਕਿਸਾਨ ਸ਼ਾਮਿਲ ਕਰਨਾ, ਖੇਤੀ ਸਬੰਧੀ ਹਰ ਤਰ੍ਹਾਂ ਦੇ ਆਰਟੀਕਲ ਅਖ਼ਬਾਰਾਂ, ਰਸਾਲਿਆਂ ਚ  ਪ੍ਰਕਾਸ਼ਤ ਕਰਵਾਉਣਾ, ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਖੇਤੀ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕਰਨਾ ਅਹਿਮ ਪ੍ਰੋਗਰਾਮ ਹਨ।

ਡਾ: ਕਰਨਜੀਤ ਸਿੰਘ ਗਿੱਲ ਨੇ ਸਾਲ 1996 ‘ਚ ਪੀ.ਏ.ਯੂ. ਤੋਂ ਐਮ.ਐਸ.ਸੀ. ਫ਼ਸਲ ਵਿਗਿਆਨ ਦੀ ਡਿਗਰੀ ਕੀਤੀ। ਉਨ੍ਹਾਂ ਖੇਤੀਬਾੜੀ ਵਿਭਾਗ ਵਿੱਚ ਸਾਲ 1996 ਤੋਂ ਬਤੌਰ ਖੇਤੀਬਾੜੀ ਵਿਕਾਸ ਅਫ਼ਸਰ ਜੁਆਇੰਨ ਕੀਤਾ ਅਤੇ ਸਾਲ 2015 ਵਿੱਚ ਬਤੌਰ ਖੇਤੀਬਾੜੀ ਅਫ਼ਸਰ ਪਦ ਉਨਤ ਹੋਏ। ਇਸ ਉਪਰੰਤ ਉਹ ਸਾਲ 2021 ਵਿੱਚ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਬਣਨ ਉਪਰੰਤ  ਫਰੀਦਕੋਟ, ਬਠਿੰਡਾ, ਮੋਗਾ ਵਿਖੇ ਆਪਣੀਆਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਸਾਲ 2024 ਵਿੱਚ ਮੈਨੇਜਿ਼ੰਗ ਡਾਇਰੈਕਟਰ ਪਨਸੀਡ ਦਾ ਕੰਮ ਵੀ ਦੇਖਦੇ ਰਹੇ ਹਨ।

 ਉਨ੍ਹਾਂ ਇਸ ਮੌਕੇ ਵਿਸ਼ਵਾਸ ਦਵਾਇਆ ਕਿ ਉਹ ਆਪਣੀ ਜਿੰਮੇਦਾਰੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਡਿਉਟੀ ਨਿਭਾਉਣਗੇ। ਉਨ੍ਹਾਂ ਸਟਾਫ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਡਾਇਰੈਕਟਰ ਖੇਤੀਬਾੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਕਿਸਾਨੀ ਹਿੱਤ ਦੀਆਂ ਸਹੂਲਤਾਂ ਪਿੰਡ ਪੱਧਰ ‘ਤੇ ਕਿਸਾਨਾਂ ਤੱਕ ਪਹੁੰਚਾਉਣ ਲਈ ਪੂਰੀ ਮਿਹਨਤ ਕਰਨ। ਇਸ ਮੌਕੇ ਡਾ: ਕੁਲਵੰਤ ਸਿੰਘ , ਡਾ: ਜਗਸੀਰ ਸਿੰਘ, ਡਾ: ਸੁਖਜਿੰਦਰ ਸਿੰਘ, ਡਾ: ਜਸ਼ਨਪ੍ਰੀਤ ਸਿੰਘ ਬਰਾੜ, ਡਾ: ਹਰਜੀਤ ਸਿੰਘ, ਇੰਜ: ਕੁਲਦੀਪ ਸਿੰਘ, ਸੀਨੀ: ਸਹਾ: ਹਰਜਿੰਦਰ ਸਿੰਘ, ਭੁਪਿੰਦਰ ਗਿੱਲ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।

Leave a Reply

Your email address will not be published. Required fields are marked *