ਸ੍ਰੀ ਮੁਕਤਸਰ ਸਾਹਿਬ 14 ਫਰਵਰੀ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਇਲਾਕਿਆਂ ਵਿਚ ਲੋਕ ਸੁਵਿਧਾ ਕੈਂਪਾਂ ਦਾ ਅਯੋਜ਼ਨ ਕੀਤਾ ਜਾ ਰਿਹਾ ਹੈ।
ਇਸੇ ਲੜੀ ਤਹਿਤ ਪਿੰਡ ਖੁਨਣ ਕਲਾਂ ਵਿਖੇ ਲੋਕ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਥੇ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਲੋਕਾਂ ਦੀਆਂ ਸਿ਼ਕਾਇਤਾਂ ਸੁਣੀਆਂ ਅਤੇ ਮੌਕੇ ਤੇ ਅਧਿਕਾਰੀਆਂ ਨੂੰ ਸਿ਼ਕਾਇਤਾਂ ਦੇ ਹੱਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।
ਇਸ ਮੌਕੇ ਕੈਬਨਿਟ ਮੰਤਰੀ ਨੇ ਆਖਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਜਿਸ ਤਹਿਤ ਅਜਿਹੇ ਲੋਕ ਸੁਵਿਧਾ ਕੈਂਪਾਂ ਦਾ ਅਯੋਜਨ ਕੀਤਾ ਗਿਆ ਹੈ।
ਇਸ ਮੌਕੇ ਉਹਨਾਂ ਕਿਹਾ ਕਿ ਇਨ੍ਹਾਂ ਸੁਵਿਧਾ ਕੈਂਪਾਂ ਵਿਚ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਕਿਉਂਕਿ ਲੋਕਾਂ ਦੇ ਪਿੰਡ ਵਿੱਚ ਘਰਾਂ ਦੇ ਨੇੜੇ ਹੀ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਇਹਨਾਂ ਕੰਮਾਂ ਲਈ ਲੋਕਾਂ ਨੂੰ ਦਫਤਰਾਂ ਤੱਕ ਜਾਣਾ ਪੈਂਦਾ ਸੀ ਪਰ ਹੁਣ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਚੱਲ ਕੇ ਲੋਕਾਂ ਦੇ ਪਿੰਡ ਵਿੱਚ ਪਹੁੰਚ ਕਰਕੇ ਅਤੇ ਪਿੰਡ ਵਿੱਚ ਬੈਠ ਕੇ ਹੀ ਲੋਕਾਂ ਦੇ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਲਗਭਗ ਚਾਰ ਦਰਜਨ ਤੋਂ ਜਿਆਦਾ ਸਕੀਮਾਂ ਦਾ ਲਾਭ ਮੌਕੇ ਤੇ ਹੀ ਦਿੱਤਾ ਜਾ ਰਿਹਾ ਹੈ ।
ਉਹਨਾਂ ਦੱਸਿਆ ਕਿ ਇਹ ਲੋਕ ਸੁਵਿਧਾ ਕੈਂਪ ਲਗਾਤਾਰ ਜਾਰੀ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਸਾਰੇ ਪਿੰਡਾਂ ਵਿੱਚ ਇਹ ਕੈਂਪ ਲੱਗਣਗੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਸਰਕਾਰ ਦੇ ਇਸ ਉਪਰਾਲੇ ਦਾ ਲਾਭ ਉਠਾਇਆ ਜਾਵੇ।
ਇਸ ਮੌਕੇ ਜ਼ਸਵੰਤ ਸਿੰਘ ਬੀ ਡੀ ਪੀ ਓ ਮਲੋਟ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।
ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਨੇ ਪਿੰਡ ਵਾਸੀਆਂ ਦੀਆਂ ਸੁਣੀਆਂ ਸਿ਼ਕਾਇਤਾਂ


