ਜ਼ਿਲ੍ਹਾ ਪੁਲੀਸ ਮੁਖੀ ਨੇ ਗੁੰਮ ਹੋਏ 60 ਮੋਬਾਈਲ ਫੋਨ ਸਬੰਧਤ ਮਾਲਕਾਂ ਦੇ ਹਵਾਲੇ ਕੀਤੇ

Fatehgarh Sahib Politics Punjab

ਫ਼ਤਹਿਗੜ੍ਹ ਸਾਹਿਬ, 06 ਫਰਵਰੀ

ਸ਼ਹੀਦੀ ਸਭਾ-2024 ਦੌਰਾਨ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ ਮੋਬਾਈਲ ਫੋਨਾਂ ਵਿੱਚੋਂ 60 ਮੋਬਾਈਲ ਫੋਨ ਅੱਜ ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਆਪਣੇ ਦਫਤਰ ਵਿਖੇ ਫੋਨ ਮਾਲਕਾਂ ਦੇ ਸਪੁਰਦ ਕੀਤੇ। ਬਰਾਮਦ ਕੀਤੇ ਫੋਨਾਂ ਵਿੱਚ ਸੈਮਸੰਗ ਦੇ 12, ਵੀਵੋ ਦੇ 20, ਓਪੋ ਦੇ 14, ਆਈ ਫੋਨ 01, ਰੈੱਡਮੀ ਦੇ 12, ਆਨਰ ਦਾ 01 ਫੋਨ ਸ਼ਾਮਲ ਹਨ।

ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਟੈਕਨੀਕਲ ਸੈੱਲ, ਪੁਲਿਸ ਵਿਭਾਗ, ਫਤਹਿਗੜ੍ਹ ਸਾਹਿਬ ਵੱਲੋਂ ਆਈ.ਐਮ.ਈ.ਆਈ. ਟਰੈਕਿੰਗ ਅਤੇ ਸੀ.ਆਈ.ਈ.ਆਰ. ਪੋਰਟਲ ਦੀ ਮਦਦ ਨਾਲ ਗੁੰਮ ਹੋਏ ਫੋਨ ਟਰੇਸ ਕੀਤੇ ਗਏ ਹਨ।ਜ਼ਿਕਰਯੋਗ ਹੈ ਕਿ ਹੁਣ ਤਕ ਇਸ ਤੋਂ ਪਹਿਲਾਂ 120 ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰ ਕੇ ਸਬੰਧਤ ਮਾਲਕਾਂ ਦੇ ਹਵਾਲੇ ਕੀਤੇ ਜਾ ਚੁੱਕੇ ਹਨ।

ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸੇ ਵਿਅਕਤੀ ਦਾ ਫੋਨ ਗੁੰਮ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ, ਤਾਂ ਉਹ ਤੁਰੰਤ ਆਪਣੇ ਨਜ਼ਦੀਕੀ ਸਾਂਝ ਕੇਂਦਰ ਵਿੱਚ ਜਾ ਕੇ ਫੋਨ ਗੁੰਮ ਹੋਣ ਸਬੰਧੀ ਰਿਪੋਰਟ ਦਰਜ ਕਰਵਾਏ ਤਾਂ ਜੋ ਪੁਲਿਸ ਆਈ.ਐਮ. ਈ.ਆਈ. ਟਰੈਕਿੰਗ ਅਤੇ ਸੀ.ਆਈ.ਈ.ਆਰ. ਪੋਰਟਲ ਦੀ ਮਦਦ ਨਾਲ ਫੋਨ ਨੂੰ ਜਲਦੀ ਤੋਂ ਟਰੇਸ ਕਰ ਕੇ ਮਾਲਕ ਦੇ ਹਵਾਲੇ ਕਰ ਸਕੇ।

ਇਸ ਮੌਕੇ ਮੋਬਾਈਲ ਫੋਨਾਂ ਦਿਆਂ ਮਾਲਕਾਂ ਵੱਲੋਂ ਜ਼ਿਲ੍ਹਾ ਪੁਲੀਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ ਤੇ ਜ਼ਿਲ੍ਹਾ ਪੁਲੀਸ ਮੁਖੀ ਦਾ ਧੰਨਵਾਦ ਕੀਤਾ ਗਿਆ।

ਇਸ ਦੌਰਾਨ ਐੱਸ.ਪੀ. ਰਾਕੇਸ਼ ਯਾਦਵ, ਡੀ.ਐੱਸ.ਪੀ. ਸੁਖਨਾਜ਼ ਸਿੰਘ ਤੇ  ਡੀ.ਐੱਸ.ਪੀ. ਹਰਤੇਸ਼ ਕੌਸ਼ਿਕ ਵੀ ਹਾਜ਼ਰ ਸਨ।

Leave a Reply

Your email address will not be published. Required fields are marked *