ਫਾਜ਼ਿਲਕਾ 7 ਅਗਸਤ 2024….
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ ਸਮਾਗਮ ਮਨਾਇਆ ਜਾਵੇਗਾ। ਸਮਾਗਮ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਤੋਂ ਸੁਤੰਤਰਤਾ ਦਿਵਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਹੁਣ ਤੱਕ ਦੀਆਂ ਕੀਤੀਆਂ ਤਿਆਰੀਆਂ ਬਾਰੇ ਜਾਣਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਰਾਕੇਸ਼ ਕੁਮਾਰ ਪੋਪਲੀ, ਐੱਸ.ਡੀ.ਐੱਮ. ਫਾਜ਼ਿਲਕਾ ਵਿਪਨ ਭੰਡਾਰੀ ਅਤੇ ਐੱਸ.ਡੀ.ਐੱਮ ਅਬੋਹਰ ਪੰਕਜ ਬਾਂਸਲ ਵੀ ਮੌਜੂਦ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਨੂੰ ਵਧੀਆ ਤਰੀਕੇ ਨਾਲ ਕਰਨ ਦੇ ਲਈ ਸਮੂਹ ਵਿਭਾਗਾਂ ਵੱਲੋਂ ਆਪਣੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਉਨ੍ਹਾਂ ਨੇ ਨਗਰ ਕੌਂਸਲ, ਸਿੱਖਿਆ ਵਿਭਾਗ, ਸਿਹਤ ਵਿਭਾਗ, ਪੀ.ਡਬਲਯੂ.ਡੀ. ਵਿਭਾਗ, ਪੁਲਿਸ ਵਿਭਾਗ, ਜੰਗਲਾਤ ਵਿਭਾਗ, ਬਾਗ਼ਬਾਨੀ ਵਿਭਾਗ, ਡੇਅਰੀ ਵਿਭਾਗ, ਖੇਡ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਖ਼ੁਰਾਕ ਸਪਲਾਈ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ.ਆਈ.ਪੀ. ਸਟੇਜ਼ ਅਤੇ ਗਰਾਊਂਡ ਦੀ ਸਫਾਈ, ਵਾਹਨਾਂ ਦੀ ਪਾਰਕਿੰਗ, ਸਲਾਮੀ ਵਾਲੀ ਥਾਂ ‘ਤੇ ਸਲੂਟਿੰਗ ਬੇਸ ਤਿਆਰ ਕਰਨ ਅਤੇ ਕੌਮੀ ਝੰਡੇ ਦਾ ਪ੍ਰਬੰਧ ਕਰਨ, ਆਸਫਵਾਲਾ ਸ਼ਹੀਦੀ ਸਮਾਰਕ ਵਿਖੇ ਪ੍ਰਬੰਧ ਕਰਨ, ਸੜਕਾਂ ਦੇ ਦੋਵੇਂ ਪਾਸੇ ਝੰਡੇ ਲਗਾਉਣ, ਚੌਂਕਾਂ ਦੀ ਸਜਾਵਟ ਕਰਨ, ਟਰਾਂਸਪੋਰਟ, ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ, ਡਾਕਟਰੀ ਸਹਾਇਤਾ, ਨਿਰਵਿਘਨ ਬਿਜਲੀ ਸਪਲਾਈ, ਫਾਇਰ ਬ੍ਰਿਗੇਡਾਂ ਆਦਿ ਦੇ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗੁਰਦਰਸ਼ਨ ਲਾਲ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਹਿਮਾਂਸੂ ਕੁੱਕੜ, ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਬਾਜਵਾ, ਤਹਿਸੀਲ ਭਲਾਈ ਅਫਸਰ ਅਸ਼ੋਕ ਕੁਮਾਰ, ਸੁਪਰਡੈਂਟ ਮਨਜੀਤ ਸਿੰਘ ਔਲਖ ਅਤੇ ਵਿਜੇ ਪਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਫਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ- ਡਿਪਟੀ ਕਮਿਸ਼ਨਰ


