ਮਾਲੇਰਕੋਟਲਾ 22 ਜਨਵਰੀ :
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਨਾਲ ਪੰਜਾਬ ਰਾਜ ਦੀਆਂ ਔਰਤਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਤੇ ਔਰਤਾਂ ਲਈ ਸਿਹਤ ਸਫਾਈ ਅਤੇ ਜਾਗਰੂਕਤਾ ਦਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈਂਪ ਦੀਆ ਤਿਆਰੀਆਂ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਔਰਤਾਂ/ਲੜਕੀਆਂ ਲਈ ਇਹ ਕੈਂਪ 30 ਜਨਵਰੀ ਨੂੰ ਪੰਜਾਬ ਉਰਦੂ ਅਕਾਦਮੀ ਵਿਖੇ ਆਯੋਜਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਨੂ ਰਤਨ, ਸਹਾਇਕ ਸਿਵਲ ਸਰਜਨ ਡਾ ਸਜੀਲਾ ਖ਼ਾਨ, ਰੋਜ਼ਗਾਰ ਅਫ਼ਸਰ ਜਤਿੰਦਰ ਨਾਥ ਸ਼ਰਮਾਂ, ਇੰਨਚਾਰਜ ਵਨ ਸਟਾਪ ਸੈਂਟਰ ਨਜ਼ੀਰ ਮੁਹੰਮਦ,ਤਰਿੰਦਰ ਕੁਮਾਰ,ਦਲਜੀਤ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਮੌਜੂਦ ਸਨ ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਕੈੰਪ ਮੌਕੇ ਸਿਹਤ ਵਿਭਾਗ ਵੱਲੋਂ ਇਸਤਰੀਆਂ ਦੇ ਮਾਹਿਰ ਡਾਕਟਰਾਂ ਵਲੋਂ ਔਰਤਾਂ ਦਾ ਮੁਫ਼ਤ ਹੈਲਥ ਚੈੱਕਅਪ ਕਰਨ ਦੇ ਨਾਲ ਮੁਢਲੇ ਟੈਸਟ ਵੀ ਮੁਫ਼ਤ ਕੀਤੇ ਜਾਣਗੇ । ਉਨ੍ਹਾਂ ਜ਼ਿਲ੍ਹਾ ਰੋਜਗਾਰ ਅਫ਼ਸਰ ਨੂੰ ਹਦਾਇਤ ਕੀਤੀ ਕਿ ਔਰਤਾਂ ਲੜਕੀਆਂ ਨੂੰ ਰੋਜਗਾਰ ਦੇ ਮੌਕੇ ਮੁਹੱਈਆਂ ਕਰਵਾਉਣ ਲਈ ਜਾਗਰੂਕ ਕੀਤਾ ਜਾਵੇ ਅਤੇ ਚਾਹਵਾਨ ਔਰਤਾਂ ਲਈ ਵੱਖ ਵੱਖ ਕੰਪਨੀਆਂ ਨੂੰ ਸੱਦਿਆ ਜਾਵੇ ਤਾਂ ਜੋ ਇੰਟਰਵੀਉ ਲੈਦੇ ਹੋਏ ਮੌਕੇ ਤੇ ਹੀ ਯੋਗ ਉਮੀਦਞਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਸਕਣ ।
ਇਸ ਮੌਕੇ ਵੱਖ ਵੱਖ ਵਿਭਾਗਾਂ ਵਲੋਂ ਔਰਤਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਜਾਵੇਗਾ । ਇਸ ਮੌਕੇ ਉਨ੍ਹਾਂ ਹਦਾਇਤ ਕੀਤੀ ਕਿ ਸਬੰਧਤ ਵਿਭਾਗ ਸਮਾਂ ਰਹਿੰਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜ਼ਿਲ੍ਹੇ ਦੀਆਂ ਹਰ ਵਰਗ ਦੀਆਂ ਔਰਤਾਂ / ਲੜਕੀਆਂ ਨੂੰ ਇਸ ਕੈੰਪ ਵਿੱਚ ਆਉਣ ਦਾ ਖੁਲ੍ਹਾ ਸੱਦਾ ਦਿੱਤਾ ।