ਜ਼ਿਲ੍ਹਾ ਪ੍ਰਸ਼ਾਸ਼ਨ ਜ਼ਿਲ੍ਹੇ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਹਰ ਸੰਭਵ ਯਤਨ ਕਰ ਰਿਹਾ – ਵਧੀਕ ਡਿਪਟੀ ਕਮਿਸ਼ਨਰ 

Politics Punjab Rupnagar

ਰੂਪਨਗਰ, 24 ਮਾਰਚ: ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਵੱਲੋਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਅਧੀਨ ਕਾਰਗੁਜ਼ਾਰੀ ਦਾ ਰੀਵਿਊ ਕਰਨ ਲਈ ਜ਼ਿਲ੍ਹੇ ਦੇ ਸਮੂਹ ਕਾਲਜਾਂ/ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲਾਂ ਨਾਲ ਰੀਵਿਊ ਮੀਟਿੰਗ ਕੀਤੀ ਗਈ। 

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦਾ ਲਾਭ ਵੱਧ ਤੋਂ ਵੱਧ ਨੌਜਵਾਨਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। 

ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਵੱਲੋਂ ਪ੍ਰਧਾਨ ਮੰਤਰੀ ਇੰਨਟਰਨਸ਼ਿਪ ਸਕੀਮ ਅਧੀਨ ਸਮੂਹ ਕਾਲਜ਼ਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ ਦਿੱਤੇ ਗਏ ਟੀਚਿਆਂ ਅਨੁਸਾਰ ਕਾਰਗੁਜ਼ਾਰੀ ਦਾ ਰੀਵਿਊ ਕੀਤਾ ਗਿਆ ਅਤੇ ਸਮੂਹ ਅਧਿਕਾਰੀਆਂ ਨੂੰ ਇਸ ਸਕੀਮ ਸਬੰਧੀ ਵੱਧ ਤੋਂ ਵੱਧ ਯੋਗ ਪ੍ਰਾਰਥੀਆਂ ਨੂੰ ਜਾਗਰੂਕ ਕਰਨ ਦੀ ਹਦਾਇਤ ਕੀਤੀ ਗਈ। 

ਉਨ੍ਹਾਂ ਵੱਲੋਂ ਸਮੂਹ ਅਧਿਕਾਰੀਆਂ ਨੂੰ ਸਕੀਮ ਦੇ ਵੱਧ ਤੋਂ ਵੱਧ ਪ੍ਰਚਾਰ ਲਈ ਜਾਗਰੂਕਤਾ ਕੈਂਪਾਂ ਦਾ ਆਯੋਜਨ ਕਰਨ ਲਈ ਕਿਹਾ ਗਿਆ ਤਾਂ ਜੋ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨ ਇਸ ਸੁਨਹਿਰੇ ਮੌਕੇ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਨੌਜਵਾਨਾਂ ਨੂੰ ਨਾਮੀ ਕੰਪਨੀਆਂ ਵਿੱਚ ਕੰਮ ਕਰਨ ਦਾ ਤਜ਼ਰਬਾ ਹਾਸਲ ਹੋਵੇਗਾ। ਇਸ ਤਜ਼ਰਬੇ ਤੋਂ ਲਾਭ ਉਠਾ ਕੇ ਉਹ ਭਵਿੱਖ ਵਿੱਖ ਚੰਗੀਆਂ ਉਪਲੱਬਧੀਆਂ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਜ਼ਿਲ੍ਹੇ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਨੌਜਵਾਨਾਂ ਨੂੰ ਵੀ ਹਰ ਮੌਕੇ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ। 

ਇਸ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦਾ ਲਾਭ 21 ਤੋਂ 24 ਸਾਲ ਦੇ ਪ੍ਰਾਰਥੀ ਲੈ ਸਕਦੇ ਹਨ। ਪ੍ਰਾਰਥੀ ਫੁੱਲ ਟਾਈਮ ਨੌਕਰੀ ਜਾਂ ਪੜ੍ਹਾਈ ਨਹੀਂ ਕਰਦਾ ਹੋਣਾ ਚਾਹੀਦਾ। ਸਕੀਮ ਅਧੀਨ ਜ਼ਿਲ੍ਹੇ ਵਿੱਚ ਡਿਪਲੋਮਾ ਹੋਲਡਰਾਂ ਲਈ 60, ਦਸਵੀਂ ਪਾਸ ਉਮੀਦਵਾਰਾਂ ਲਈ 33 ਅਤੇ ਆਈ.ਟੀ.ਆਈ ਲਈ 14 ਇੰਟਰਨਸ਼ਿਪ ਤੋਂ ਇਲਾਵਾ ਗ੍ਰੈਜੂਏਟ ਅਤੇ ਬਾਰਵੀਂ ਪਾਸ ਪ੍ਰਾਰਥੀਆਂ ਲਈ ਵੀ ਇੰਟਰਨਸ਼ਿਪ ਦੇ ਮੌਕੇ ਹਨ। 

ਉਨ੍ਹਾਂ ਦੱਸਿਆ ਕਿ ਸਕੀਮ ਦੀਆਂ ਸ਼ਰਤਾਂ ਅਨੁਸਾਰ ਆਈ.ਆਈ.ਟੀ, ਨੈਸ਼ਨਲ ਲਾਅ ਯੂਨੀਵਰਸਿਟੀ, ਆਈ.ਆਈ.ਐਸ.ਈ.ਆਰ ਤੋਂ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਇਸ ਸਕੀਮ ਅਧੀਨ ਅਪਲਾਈ ਨਹੀਂ ਕਰ ਸਕਦੇ ਅਤੇ ਪ੍ਰਾਰਥੀ ਵੱਲੋਂ ਸੀ.ਏ, ਸੀ.ਐਮ.ਐਫ, ਸੀ.ਐਸ, ਐਮ.ਬੀ.ਬੀ.ਐਸ, ਐਮ.ਬੀ.ਏ ਅਤੇ ਮਾਸਟਰ ਕਲਾਸ ਦੀ ਪੜ੍ਹਾਈ ਵੀ ਨਹੀਂ ਕੀਤੀ ਹੋਣੀ ਚਾਹੀਦੀ। ਪ੍ਰਾਰਥੀ ਵੱਲੋਂ ਐਨ.ਏ.ਟੀ.ਐਸ ਅਤੇ ਐਨ.ਏ.ਪੀ.ਐਸ ਤੋਂ ਪਹਿਲਾਂ ਟ੍ਰੇਨਿੰਗ ਨਾ ਲਈ ਹੋਵੇ। ਪਰਿਵਾਰ ਦੀ ਸਲਾਨਾ ਆਮਦਨ 8 ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਨਹੀਂ ਕਰਦਾ ਹੋਣਾ ਚਾਹੀਦਾ। 

ਇਸ ਸਕੀਮ ਤਹਿਤ ਉਕਤ ਸ਼ਰਤਾਂ ਪੂਰੀਆਂ ਕਰਨ ਵਾਲੇ ਇਛੁੱਕ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗਰਾਊਂਡ ਫਲੋਰ, ਡੀ.ਸੀ.ਕੰਪਲੈਕਸ, ਰੂਪਨਗਰ ਵਿਖੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜਾਂ http://pminternship.mca.gov.in/ ਤੇ ਰਜਿਸਟਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ: 31 ਮਾਰਚ, 2025 ਹੈ। ਇੱਕ ਸਾਲ ਦੀ ਟ੍ਰੇਨਿੰਗ ਦੌਰਾਨ ਪ੍ਰਾਰਥੀਆਂ ਨੂੰ 5000/- ਪ੍ਰਤੀ ਮਹੀਨਾ ਭੱਤਾ ਦਿੱਤਾ ਜਾਵੇਗਾ। ਜਿਲ੍ਹਾ ਰੋਪੜ ਵਿੱਚ ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮਟਡ ਅਤੇ ਜੂਬੀਲੈਂਟ ਫੂਡਵਰਕਸ ਲਿਮਟਡ ਅਤੇ ਹੋਰ ਨਾਮੀ ਕੰਪਨੀਆਂ ਵਿੱਚ ਕੁੱਲ 129 ਇੰਟਰਨਸ਼ਿਪ ਦੇ ਮੌਕੇ ਉਪਲੱਬਧ ਹਨ। 

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਪ੍ਰੇਮ ਕੁਮਾਰ ਮਿੱਤਲ, ਪਲੇਸਮੈਂਟ ਅਫਸਰ ਮੀਨਾਕਸ਼ੀ ਬੇਦੀ, ਕੈਰੀਅਰ ਕਾਊਂਸਲਰ ਜਸਵੀਰ ਸਿੰਘ, ਬਲਾਕ ਮਿਸ਼ਨ ਮੈਨੇਜਰ ਗੁਰਪ੍ਰੀਤ ਸਿੰਘ, ਜ਼ਿਲ੍ਹਾ ਯੁਵਕ ਸੇਵਾਵਾਂ ਅਫਸਰ, ਸੀ.ਐਸ.ਸੀ ਅਤੇ ਆਰਸੇਟੀ ਆਦਿ ਵਿਭਾਗਾਂ ਤੋਂ ਵੀ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published. Required fields are marked *