ਅਬੋਹਰ, (ਫਾਜਿ਼ਲਕਾ) 28 ਮਾਰਚ
ਨਿਰਪੱਖ ਅਤੇ ਸਾਂਤਮਈ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਪੱਬਾਂ ਭਾਰ ਹੈ। ਗੁਆਂਢੀ ਸੂਬਿਆਂ ਤੋਂ ਸਰਾਰਤੀ ਤੱਤਾਂ ਵੱਲੋਂ ਚੋਣਾਂ ਵਿਚ ਦਖਲ ਨੂੰ ਰੋਕਣ ਲਈ ਅੰਤਰ ਰਾਜੀ ਹੱਦਾਂ ਤੇ ਸਖ਼ਤ ਨਾਕਾਬੰਦੀ ਕੀਤੀ ਗਈ ਹੈ। ਰਾਜਸਥਾਨ ਨਾਲ ਜੋੜਦੀਆਂ ਪ੍ਰਮੁੱਖ ਸੜਕਾਂ ਤੇ ਹਾਈਟੈਕ ਨਾਕੇ ਸਥਾਪਿਤ ਕੀਤੇ ਗਏ ਹਨ। ਅਜਿਹੇ ਹੀ ਇਕ ਹਾਈਟੈਕ ਨਾਕੇ ਦਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਆਈਪੀਐਸ ਨੇ ਬੀਤੀ ਰਾਤ ਅਚਾਨਕ ਦੌਰਾ ਕਰਕੇ ਨੀਰਿਖਣ ਕੀਤਾ।
ਅਬੋਹਰ ਹਨੁਮਾੜਗੜ੍ਹ ਰੋੜ੍ਹ ਤੇ ਪਿੰਡ ਰਾਜਪੁਰਾ ਵਿਖੇ ਰਾਜਸਥਾਨ ਨਾਲ ਜੋੜਦੀ ਸੜਕ ਤੇ ਲੱਗੇ ਨਾਕੇ ਤੇ ਸੁਰੱਖਿਆ ਬਲਾਂ ਦੀ ਮੁਸਤੈਦੀ ਦੀ ਪੜਤਾਲ ਲਈ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਅਚਾਨਕ ਪਹੁੰਚ ਕੇ ਪੜਤਾਲ ਕੀਤੀ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਚੋਣਾਂ ਦੌਰਾਨ ਅਕਸਰ ਸਰਾਰਤੀ ਤੱਤ ਇਕ ਪਾਸੇ ਕੋਈ ਅਪਰਾਧ ਕਰਕੇ ਨਾਲ ਦੇ ਸੂਬੇ ਵਿਚ ਚਲੇ ਜਾਂਦੇ ਹਨ ਜਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਸ਼ੇ, ਧਨ ਆਦਿ ਗੁਆਂਢੀ ਰਾਜਾਂ ਤੋਂ ਆਉਣ ਜਾਣ ਦਾ ਡਰ ਰਹਿੰਦਾ ਹੈ। ਇਸੇ ਲਈ ਫਾਜਿ਼ਲਕਾ ਜਿ਼ਲ੍ਹੇ ਦੀ ਰਾਜਸਥਾਨ ਨਾਲ ਲੱਗਦੀ ਲਗਭਗ 48 ਕਿਲੋਮੀਟਰ ਲੰਬੀ ਸਰਹੱਦ ਤੇ ਇੰਨੀ ਸਖਤ ਚੌਕਸੀ ਰੱਖੀ ਜਾ ਰਹੀ ਹੈ ਤਾਂ ਕਿ ਇੱਥੋਂ ਕੋਈ ਵੀ ਸਮਾਜ ਵਿਰੋਧੀ ਤੱਤ ਇੱਧਰ ਉਧਰ ਬਚ ਕੇ ਨਾ ਲੰਘ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿਚ 12 ੳਡਣ ਦੱਸਦੇ ਲਗਾਤਾਰ ਨਿਗਰਾਨੀ ਕਰ ਰਹੇ ਹਨ ਅਤੇ ਇਹ ਵਾਹਨ ਲਾਈਵ ਕੈਮਰਿਆਂ ਨਾਲ ਲੈਸ ਹਨ ਅਤੇ ਇੰਨ੍ਹਾਂ ਦੀ ਵੀਡੀਓ ਫੀਡ ਸਬ ਡਵੀਜਨ, ਜਿ਼ਲ੍ਹਾ ਅਤੇ ਚੰਡੀਗੜ੍ਹ ਪੱਧਰ ਤੇ ਚੋਣ ਕਮਿਸ਼ਨ ਵੱਲੋਂ ਲਾਈਵ ਮੋਨੀਟਰ ਕੀਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਨੇ ਆਪਣੀ ਨਿਗਰਾਨੀ ਵਿਚ ਬੱਸਾਂ ਅਤੇ ਹੋਰ ਵਾਹਨਾਂ ਦੀ ਜਾਂਚ ਕਰਵਾਈ ਅਤੇ ਇੱਥੇ ਪੁਲਿਸ ਵੱਲੋਂ ਕੀਤੇ ਇੰਤਜਾਮਾਂ ਦਾ ਮੁਆਇਨਾ ਕੀਤਾ।
ਇਸ ਮੌਕੇ ਐਸਐਸਪੀ ਡਾ: ਪ੍ਰਗ੍ਰਿਆ ਜੈਨ ਨੇ ਦੱਸਿਆ ਕਿ ਰਾਜਸਥਾਨ ਨਾਲ ਲਗਦੀਆਂ ਸਰਹੱਦਾਂ ਤੇ ਜਿੱਥੇ ਮੁੱਖ ਮਾਰਗਾਂ ਤੇ ਹਾਈਟੈਕ ਨਾਕੇ ਲਗਾਏ ਗਏ ਹਨ ਉਥੇ ਹੀ 24 ਹੋਰ ਛੋਟੀਆਂ ਸੜਕਾਂ, ਕੱਚੇ ਰਸਤਿਆਂ ਤੇ ਵੀ ਨਾਕਾਬੰਦੀ ਕੀਤੀ ਗਈ ਅਤੇ ਇੰਨ੍ਹਾਂ ਨਾਕਿਆਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਦੀ ਅੱਖ ਨਾਲ ਵੀ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਲ੍ਹੇ ਵਿਚ ਕੇਂਦਰੀ ਸੁਰੱਖਿਆ ਬੱਲ ਵੀ ਪਹੁੰਚੇ ਹਨ ਅਤੇ ਪੁਲਿਸ ਵੱਲੋਂ ਫਲੈਗ ਮਾਰਚ ਕਰਨ ਦੇ ਨਾਲ ਨਾਲ ਸਾਂਝੇ ਓਪਰੇਸ਼ਨ ਕੀਤੇ ਜਾ ਰਹੇ ਹਨ। ਰਾਜਸਥਾਨ ਪੁਲਿਸ ਨਾਲ ਵੀ ਅੰਤਰਰਾਜੀ ਪੱਧਰ ਤੇ ਬਿਤਹਰ ਤਾਲਮੇਲ ਲਈ ਮੀਟਿੰਗਾਂ ਕਰਕੇ ਰਣਨੀਤੀ ਉਲੀਕੀ ਗਈ ਹੈ ਤਾਂ ਜੋ ਕੋਈ ਵੀ ਅਪਰਾਧੀ ਇਕ ਪਾਸੇ ਅਪਰਾਧ ਕਰਕੇ ਦੂਜੇ ਪਾਸੇ ਜਾ ਕੇ ਛਿਪ ਨਾ ਸਕੇ।ਉਨ੍ਹਾਂ ਨੇ ਕਿਹਾ ਕਿ ਸਾਰੇ ਅੰਤਰਰਾਜੀ ਨਾਕਿਆਂ ਤੇ ਸਾਰੇ ਵਾਹਨਾਂ ਦੀ ਤਲਾਸੀ ਲਈ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿੱਛਲੇ ਤਿੰਨ ਦਿਨਾਂ ਵਿਚ 700 ਤੋਂ ਜਿਆਦਾ ਹਥਿਆਰ ਪੁਲਿਸ ਨੇ ਜਮਾਂ ਕਰਵਾਏ ਹਨ। 10 ਭਗੋੜੇ ਕਾਬੂ ਕੀਤੇ ਹਨ ਅਤੇ 15 ਕੇਸ ਨਸਿ਼ਆਂ ਆਦਿ ਦੀ ਬਰਾਮਦਗੀ ਸਬੰਧੀ ਦਰਜ ਕੀਤੇ ਹਨ।
ਇਸ ਮੌਕੇ ਐਸਪੀ ਕਰਨਵੀਰ ਸਿੰਘ, ਡੀਐਸਪੀ ਸੁਖਵਿੰਦਰ ਸਿੰਘ ਵੀ ਹਾਜਰ ਸਨ।
ਡੀਸੀ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਸਰਹੱਦ ਤੇ ਹਾਈਟੈਕ ਨਾਕਿਆਂ ਦਾ ਔਚਕ ਨੀਰਿਖਣ


