ਪਿੰਡ ਲੋਪੋਂ/ਮੋਗਾ, 12 ਅਗਸਤ (000) – ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਗੋਦ ਲਏ ਪਿੰਡ ਲੋਪੋਂ ਵਿੱਚ ਆਪਣੇ ਅਖਤਿਆਰੀ ਕੋਟੇ ਨਾਲ ਕਰਵਾਏ ਵਿਕਾਸ ਕਾਰਜਾਂ ਦਾ ਅੱਜ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।
ਬਾਬਾ ਸੀਚੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਪਿੱਛੇ ਜਿਹੇ ਪਿੰਡ ਲੋਪੋਂ ਦੇ ਵਿਕਾਸ ਲਈ 50 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਨਗਰ ਨਿਵਾਸੀ ਇਸ ਪੈਸੇ ਨੂੰ ਜਿੱਥੇ ਚਾਹੁਣ ਵਿਕਾਸ ਕਾਰਜਾਂ ਵਿੱਚ ਖਰਚ ਕਰ ਸਕਦੇ ਹਨ। ਇਹਨਾਂ ਫੰਡਾਂ ਨਾਲ ਪਿੰਡ ਦੀਆਂ ਗਲੀਆਂ ਨਾਲੀਆਂ ਵਿਚ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਹਨ ਅਤੇ ਯਾਦਗਾਰੀ ਪਾਰਕ ਦੀ ਚਾਰਦੁਆਰੀ ਅਤੇ ਹੋਰ ਕੰਮ ਕਰਵਾਏ ਗਏ ਹਨ। ਇਹਨਾਂ ਦੋਵੇਂ ਕਾਰਜਾਂ ਉੱਤੇ 23 ਲੱਖ ਰੁਪਏ ਦੀ ਰਾਸ਼ੀ ਖਰਚ ਹੋਈ ਹੈ। ਉਹਨਾਂ ਕਿਹਾ ਕਿ ਉਹਨਾਂ ਭਵਿੱਖ ਵਿੱਚ ਵੀ ਇਸ ਪਿੰਡ ਦੀ ਕਾਇਆ ਕਲਪ ਕਰਨ ਲਈ ਯਤਨ ਜਾਰੀ ਰੱਖੇ ਜਾਣਗੇ।
ਉਹਨਾਂ ਕਿਹਾ ਕਿ ਸਿੱਖ ਧਰਮ ਦੇ ਮੋਢੀ ਅਤੇ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਗੁਰਬਾਣੀ ਰਾਹੀਂ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ, ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ, ਪ੍ਰੰਤੂ ਅਸੀਂ ਅੱਜ ਅਸੀਂ ਆਪਣੇ ਥੋੜੇ ਜਿਹੇ ਸੁਆਰਥਾਂ ਨੂੰ ਪੂਰਾ ਕਰਨ ਲਈ ਇਨ੍ਹਾ ਤਿੰਨਾਂ ਨੂੰ ਦੂਸਿ਼ਤ ਕਰ ਰਹੇ ਹਾਂ। ਅੱਜ ਲੋੜ ਹੈ ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਵਿੱਚ ਸਾਰੇ ਮਨੁੱਖਾਂ ਨੂੰ ਯੋਗਦਾਨ ਪਾਉਣ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਮਲ ਵਿੱਚ ਲਿਆਉਣ ਦੀ। ਜੇਕਰ ਅੱਜ ਦੇ ਮਨੁੱਖ ਨੇ ਇਹ ਤਿੰਨੋਂ ਵੱਡਮੁੱਲੀਆਂ ਦਾਤਾਂ ਦੀ ਸਾਂਭ-ਸੰਭਾਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੇਸ਼ੁਮਾਰ ਮੁਸ਼ਕਿਲਾਂ ਅਤੇ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਮੁਤਾਬਿਕ ਹਵਾ ਨੂੰ ਗੁਰੁੂ ਮੰਨ ਕੇ ਕਿਸਾਨਾਂ ਨੂੰ ਵੀ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਦੀ ਬਿਜਾਇ ਇਸਨੁੰ ਖੇਤਾਂ ਵਿੱਚ ਹੀ ਵਾਹੁਣਾ ਚਾਹੀਦਾ ਹੈ ਤਾਂ ਹੀ ਹਵਾ ਨੂੰ ਦੂਸਿ਼ਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਧਰਤੀ ਨੂੰ ਬਚਾਉਣ ਲਈ ਕੁਦਰਤੀ ਖੇਤੀ ਦੇ ਰਾਹਾਂ ਵੱਲ ਕਿਸਾਨਾਂ ਨੂੰ ਮੁੜਨਾ ਪਵੇਗਾ।
ਇਸ ਤੋਂ ਪਹਿਲਾਂ ਉਹ ਅੱਜ ਲੋਪੋਂ ਵਿਖੇ ਮਹਾਂਪੁਰਸ਼ ਸ੍ਰੀ ਮਾਨ ਸੁਆਮੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੇ ਸਥਾਨ ਉੱਤੇ ਵਿਸ਼ੇਸ਼ ਤੌਰ ਉੱਪਰ ਨਤਮਸਤਕ ਹੋਏ।
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਿੰਡ ਲੋਪੋਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ


