ਅੰਮ੍ਰਿਤਸਰ 29 ਜੁਲਾਈ– ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਲੋਕਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣ। ਸ੍ਰੀ ਥੋਰੀ ਨੇ ਕੰਮ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੰਨਾਂ ਦੇ ਖੇਤਰਾਂ ਵਿੱਚ ਇੰਤਕਾਲ ਪੈਡਿੰਗ ਪਏ ਹਨ ’ਤੇ ਨਿੱਜੀ ਧਿਆਨ ਦੇ ਕੇ ਨੇਪਰੇ ਚਾੜਿਆ ਜਾਵੇ ਤਾਂ ਜੋ ਲੋਕਾਂ ਨੂੰ ਕਿਸ ਕਿਸਮ ਦੀ ਮੁਸਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਹ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਰਜਿਸਟਰੀ ਕਰਵਾਉਣ ਸਮੇਂ ਲੋਕਾਂ ਵੱਲੋਂ ਇੰਤਕਾਲ ਨਹੀਂ ਕਰਵਾਇਆ ਜਾਂਦਾ, ਜਿਸ ਕਰਕੇ ਵਿਭਾਗ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰਾਂ ਦੇ ਕੰਮ ਦਾ ਜਾਇਜਾ ਲੈਣ ਉਪਰੰਤ ਦੱਸਿਆ ਕਿ ਇਸ ਸਮੇਂ ਸੇਵਾ ਕੇਂਦਰਾਂ ਦੀ ਪੈਂਡੈਸੀ ਕੇਵਲ ਨਾ ਦੇ ਬਰਾਬਰ ਹੈ ਅਤੇ ਇਸ ਕੰਮ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਿਆ ਜਾਵੇ ਕਿ ਕੋਈ ਵੀ ਪੈਂਡੈਸੀ ਨਾ ਰਹੇ। ਉਨਾਂ ਕਿਹਾ ਕਿ ਸਰਕਾਰ ਦਾ ਅਕਸ਼ ਆਪਣੇ ਕੀਤੇ ਕੰਮਾਂ ਨਾਲ ਹੀ ਬਣਨਾ ਹੁੰਦਾ ਹੈ ਸੋ ਦਫ਼ਤਰਾਂ ਵਿਚ ਆਪਣੇ ਕੰਮਾਂ ਲਈ ਆਉਂਦੇ ਲੋਕਾਂ ਨਾਲ ਸਲੀਕੇ ਨਾਲ ਪੇਸ਼ ਆਇਆ ਜਾਵੇ ਅਤੇ ਕਾਇਦੇ ਵਿਚ ਰਹਿੰਦੇ ਹੋਏ ਉਨਾਂ ਦੇ ਕੰਮ ਕੀਤੇ ਜਾਣ ਨਾ ਕਿ ਬਾਰ-ਬਾਰ ਦਫ਼ਤਰ ਆਉਣ ਲਈ ਮਜ਼ਬੂਰ ਕੀਤਾ ਜਾਵੇ। ਉਨਾਂ ਕਿਹਾ ਕਿ ਸਰਕਾਰੀ ਫਾਈਲਾਂ ਦੇ ਨਿਬੇੜੇ ਦੇ ਨਾਲ ਨਾਲ ਦਫ਼ਤਰ ਆਏ ਆਮ ਲੋਕਾਂ ਦੇ ਕੰਮ ਕਰਨੇ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਆਪ ਦੁਆਰ ਤਹਿਤ ਲੱਗਣ ਵਾਲੇ ਕੈਂਪਾਂ ਵਿੱਚ ਪ੍ਰਾਪਤ ਸ਼ਿਕਾਇਤਾਂ ਨੂੰ ਤਰਜੀਹ ਦੇ ਅਧਾਰ ਤੇ ਹੱਲ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਸ੍ਰੀਮਤੀ ਪਰਮਜੀਤ ਕੋਰ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀ ਨਿਕਾਸ ਕੁਮਾਰ, ਸਹਾਇਕ ਕਮਿਸ਼ਨਰ ਜਨਰਲ ਮੈਡਮ ਗੁਰਸਿਮਰਨ ਕੌਰ, ਐਸ.ਡੀ.ਐਮ ਅੰਮ੍ਰਿਤਸਰ-1 ਸ੍ਰੀ ਲਾਲ ਵਿਸ਼ਵਾਸ਼, ਐਸ:ਡੀ:ਐਮ-2 ਸ੍ਰ ਮਨਕੰਵਲ ਸਿੰਘ ਚਾਹਲ, ਐਸ.ਡੀ.ਐਮ ਅਜਨਾਲਾ ਸ: ਅਰਵਿੰਦਰ ਪਾਲ ਸਿੰਘ , ਐਸ:ਡੀ:ਐਮ ਲੋਪੋਕੇ ਮੈਡਮ ਅਮਨਦੀਪ ਕੌਰ, ਸਮਾਜਿਕ ਨਿਆ ਅਧਿਕਾਰਤਾ ਅਫਸਰ ਸ੍ਰੀ ਪਲਵ ਸ਼੍ਰੇਸ਼ਟਾ ਅਤੇ ਮੁੱਖ ਖੇਤੀਬਾੜੀ ਅਫਸਰ ਡਾ: ਤੇਜਿੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।