ਡਿਪਟੀ ਕਮਿਸ਼ਨਰ ਵੱਲੋਂ ਆਨਲਾਈਨ ਇਲੈਕਸ਼ਨ ਕੁਇੱਜ਼ ’ਚ ਜ਼ਿਲ੍ਹੇ ֹ’ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਦਾ ਸਨਮਾਨ

Politics Punjab

ਜਲੰਧਰ, 24 ਫਰਵਰੀ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਪੰਜਾਬ ਇਲੈਕਸ਼ਨ ਕੁਇੱਜ਼-2025 ਸਬੰਧੀ ਕਰਵਾਏ ਗਏ ਆਨਲਾਈਨ ਮੁਕਾਬਲੇ ਵਿੱਚ ਜ਼ਿਲ੍ਹਾ ਜਲੰਧਰ ’ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਦਾ ਸਨਮਾਨ ਕੀਤਾ ਗਿਆ।

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨੇ ਏ.ਪੀ.ਜੇ. ਕਾਲਜ ਆਫ਼ ਫ਼ਾਈਨ ਆਰਟਸ ਦੀ ਵਿਦਿਆਰਥਣ ਪ੍ਰਗਤੀ ਨੂੰ ਮੁੱਖ ਚੋਣ ਦਫ਼ਤਰ, ਪੰਜਾਬ ਵੱਲੋਂ ਮੋਬਾਈਲ ਅਤੇ ਸਰਟੀਫਿਕੇਟ ਸੌਂਪਦਿਆਂ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਵਿਦਿਆਰਥਣ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਭਵਿੱਖ ਵਿੱਚ ਵੀ ਸਫ਼ਲਤਾ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਵੋਟ ਪਾਉਣਾ ਨਾ ਸਿਰਫ਼ ਇੱਕ ਅਧਿਕਾਰ ਹੈ ਸਗੋਂ ਫਰਜ਼ ਵੀ ਹੈ। ਇਸ ਲਈ ਹਰੇਕ ਨਾਗਰਿਕ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ, ਭੈਅ ਤੋਂ ਨਿਰਪੱਖ ਹੋ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣ ਪ੍ਰਗਤੀ ਵਰਗੇ ਨੌਜਵਾਨਾਂ ਦਾ ਵੋਟਰ ਜਾਗਰੂਕਤਾ ਲਈ ਅੱਗੇ ਆਉਣਾ ਲੋਕਤੰਤਰ ਲਈ ਸ਼ੁਭ ਸ਼ਗਨ ਹੈ। ਉਨ੍ਹਾਂ ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ, ਵੋਟ ਦੇ ਹੱਕ ਦਾ ਇਸਤੇਮਾਲ ਕਰਨ ਅਤੇ ਵੋਟਰ ਜਾਗਰੂਕਤਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਜ਼ਿਕਰਯੋਗ ਹੈ ਕਿ ਵੋਟ ਦੀ ਮਹੱਤਤਾ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਮੁੱਖ ਚੋਣ ਦਫ਼ਤਰ, ਪੰਜਾਬ ਵੱਲੋਂ 15ਵੇਂ ਕੌਮੀ ਵੋਟਰ ਦਿਵਸ ਨੂੰ ਸਮਰਪਿਤ 19 ਜਨਵਰੀ 2025 ਨੂੰ ਆਨਲਾਈਨ ਇਲੈਕਸ਼ਨ ਕੁਇੱਜ਼ ਕਰਵਾਏ ਗਏ ਸਨ।

ਇਸ ਮੌਕੇ ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਤੇ ਰਮਨਦੀਪ ਕੌਰ, ਸਵੀਪ ਨੋਡਲ ਅਫ਼ਸਰ ਸੁਰਜੀਤ ਲਾਲ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *