ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਦਾ ਦੌਰਾ ਕਰਕੇ ਮਰੀਜ਼ਾਂ ਨੂੰ ਕੀਤਾ ਪ੍ਰੇਰਿਤ

Politics Punjab

ਹੁਸ਼ਿਆਰਪੁਰ, 4 ਜਨਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਫਤਹਿਗੜ੍ਹ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦਾਖਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਿਤ ਕੀਤਾ।

          ਡਿਪਟੀ ਕਮਿਸ਼ਨਰ ਨੇ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਨਸ਼ੇ ਦੀ ਗ੍ਰਿਫਤ ਤੋਂ ਬਾਹਰ ਆਉਣਾ ਇਕ ਦਲੇਰਾਨਾ ਕਦਮ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ।

          ਇਸ ਦੌਰਾਨ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਨਸ਼ਾ ਨਾ ਕੇਵਲ ਵਿਅਕਤੀਗਤ ਜੀਵਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਪੂਰੇ ਸਮਾਜ ’ਤੇ ਇਸ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੇਂਦਰ ਉਨ੍ਹਾਂ ਲੋਕਾਂ ਲਈ ਆਸ ਦੀ ਕਿਰਨ ਹਨ ਜੋ ਨਸ਼ੇ ਦੇ ਚੁਗਲ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ।

          ਇਸ ਦੌਰਾਨ ਨਸ਼ਾ ਛੱਡ ਚੁੱਕੇ ਕੁਝ ਨੋਜਵਾਨਾਂ ਨੇ ਵੀ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਨਸ਼ੇ ਤੋਂ ਛੁਟਕਾਰਾ ਪਾਇਆ ਅਤੇ ਹੁਣ ਉਹ ਆਪਣੇ ਜੀਵਨ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਰਹੇ ਹਨ। ਉਨ੍ਹਾਂ ਦੇ ਤਜ਼ਰਬੇ ਅਤੇ ਕਹਾਣੀਆਂ ਇਥੇ ਮੌਜੂਦਾ ਮਰੀਜ਼ਾਂ ਲਈ ਪ੍ਰੇਰਣਾ ਦਾ ਸਰੋਤ ਬਣੇ।

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਰਾਹੀਂ ਨਸ਼ੇ ਦੀ ਗ੍ਰਿਫਤ ਤੋਂ ਬਾਹਰ ਆਏ ਵਿਅਕਤੀਆਂ ਲਈ ਪਿਛਲੇ ਇਕ ਸਾਲ ਤੋਂ ਮਲਟੀ –ਕੁਜੀਨ ਕੁਕਿੰਗ, ਹੇਅਰ ਡਰੈਸ ਅਤੇ ਸੈਲੂਨ ਆਰਟਿਸਟ ਵਰਗੇ ਸਕਿੱਲ ਕੋਰਸ ਚਲਾਏ ਜਾ ਰਹੇ ਹਨ। ਇਨ੍ਹਾਂ ਕੋਰਸਾਂ ਦਾ ਉਦੇਸ਼ ਇਨ੍ਹਾਂ ਵਿਅਕਤੀਆਂ ਨੂੰ ਆਤਮਨਿਰਭਰ ਬਣਾਉਣਾ ਅਤੇ ਸਮਾਜ ਵਿਚ ਮੁੜ ਸਥਾਪਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਹੁਣ ਤੱਕ ਕੁੱਲ 2 ਬੈਚ ਸਫਲਤਾਪੂਰਵਕ ਪਾਸ ਹੋ ਚੁੱਕੇ ਹਨ ਅਤੇ 60 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਹੈ।

          ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਤੀਸਰੇ ਸਕਿੱਲ ਕੋਰਸ, ’ਮੇਰਾ ਬਾਗ ਮੇਰਾ ਮਾਨ’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਕੋਰਸ ਰੈਡ ਕਰਾਸ ਅਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਚਲਾਇਆ  ਜਾਵੇਗਾ। ਇਸ ਵਿਚ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਖੇਤੀਬਾੜੀ ਨਾਲ ਸਬੰਧਤ ਹੁਨਰ ਸਿਖਾਏ ਜਾਣਗੇ ਤਾਂ ਜੋ ਉਹ ਇਸ ਪੇਸ਼ ਨਾਲ ਜੁੜ ਕੇ ਇਕ ਨਵੀਂ ਸ਼ੁਰੂਆਤ ਕਰ ਸਕਣ ਅਤੇ ਨਸ਼ੇ ਤੋਂ ਦੂਰ ਰਹਿ ਸਕਣ।

          ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸਕਿੱਲ ਕੋਰਸਾਂ ਦਾ ਉਦੇਸ਼ ਨਾ ਕੇਵਲ ਕਿੱਤਾਮੁਖੀ ਸਿਖਲਾਈ ਪ੍ਰਦਾਨ ਕਰਨਾ ਹੈ ਬਲਕਿ ਇਨ੍ਹਾਂ ਵਿਅਕਤੀਆਂ ਨੂੰ ਸਮਾਜ ਵਿਚ ਫਿਰ ਤੋਂ ਸ਼ਾਮਲ ਹੋਣ ਲਈ ਇਕ ਨਵੀਂ ਦਿਸ਼ਾ ਦੇਣਾ ਵੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਕੋਰਸਾਂ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ।

            ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੇ ਉਪਰਾਲਿਆਂ ਰਾਹੀਂ ਨਸ਼ਾ ਮੁਕਤ ਸਮਾਜ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਉਪਰਾਲੇ ਵਿਚ ਯੋਗਦਾਨ ਦੇਣ ਦੀ ਅਪੀਲ ਕੀਤੀ।

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਮੁੜ ਵਸੇਬਾ ਕੇਂਦਰ ਦੇ ਸਟਾਫ਼ ਦੀ ਵੀ ਸਰਾਹਨਾ ਕੀਤੀ ਜੋ ਮਰੀਜ਼ਾਂ ਦੇ ਇਲਾਜ ਅਤੇ ਉਨ੍ਹਾਂ ਦੀ ਦੇਖਭਾਲ ਵਿਚ ਪੂਰੀ ਲਗਨ ਨਾਲ ਜੁੱਟੇ ਹਨ। ਉਨ੍ਹਾਂ ਕੇਂਦਰ ਦੀਆਂ ਵਿਵਸਥਾਵਾਂ ਦਾ ਜਾਇਜ਼ਾ ਲਿਆ ਅਤੇ ਇਸ ਨੂੰ ਹੋਰ ਵੱਧ ਪ੍ਰਭਾਵੀ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।

          ਡਿਪਟੀ ਕਮਿਸ਼ਨਰ ਨੇ ਅਖੀਰ ਵਿਚ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਖਿਲਾਫ਼ ਜਾਗਰੂਕਤਾ ਫੈਲਾਉਣ ਵਿਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾਂ ਨਾਲ ਹੀ ਇਸ ਬੁਰਾਈ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।

          ਇਸ ਮੌਕੇ ਸਿਵਲ ਸਰਜਨ ਡਾ. ਪਵਨ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਡੀ.ਐਸ.ਪੀ. ਅਤਿਸ਼ ਭਾਟੀਆ, ਮੈਡੀਕਲ ਅਫ਼ਸਰ ਡਾ. ਮਹਿਮਾ ਮਿਨਹਾਸ, ਸਕੱਤਰ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ, ਡੀ.ਡੀ.ਐਫ ਜੋਇਆ ਸਦਿਕੀ, ਨਿਸ਼ਾ ਰਾਣੀ ਮੈਨੇਜਰ, ਪ੍ਰਸ਼ਾਂਤ ਆਦੀਆ ਕਾਊਂਸਲਰ, ਤਾਨਿਆ ਵੋਹਰਾ ਕਾਊਂਸਲਰ, ਰਾਜਵਿੰਦਰ ਕੌਰ ਕਾਉਂਸਲਰ, ਸੰਦੀਪ ਕੁਮਾਰੀ ਕਾਉਂਸਲਰ, ਹਰਦੀਪ ਕੌਰ ਸਟਾਫ਼ ਨਰਸ, ਰਾਜਵਿੰਦਰ ਕੌਰ ਸਟਾਫ਼ ਨਰਸ, ਸੰਦੀਪ ਪਾਲ ਹਰੀਸ਼ ਕੁਮਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *