ਮੋਗਾ, 22 ਫਰਵਰੀ:
ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ, ਪੰਜਾਬ ਸ੍ਰ. ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਭਾਸ਼ਾ ਵਿਭਾਗ, ਪੰਜਾਬ ਜ਼ਿਲ੍ਹਾ-ਮੋਗਾ ਵੱਲੋਂ ਡੀ. ਐੱਮ. ਕਾਲਜ ਮੋਗਾ ਦੇ ਸਹਿਯੋਗ ਨਾਲ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਦੇ ਸਥਾਪਿਤ ਅਤੇ ਨਵੀਨ ਸ਼ਾਇਰਾਂ ਵੱਲੋਂ ਭਾਗ ਲਿਆ ਗਿਆ। ਸਮਾਗਮ ਦੀ ਪ੍ਰਧਾਨਗੀ ਰਾਸ਼ਟਰੀ ਪੁਰਸਕਾਰ ਵਿਜੇਤਾ ਪ੍ਰਸਿੱਧ ਹਿੰਦੀ ਸ਼ਾਇਰ ਸ਼੍ਰੀ ਸੱਤ ਪ੍ਰਕਾਸ਼ ਉੱਪਲ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਸਿੱਧ ਆਲੋਚਕ ਅਤੇ ਸ਼ਾਇਰ ਪ੍ਰੋ. ਗੋਪਾਲ ਸਿੰਘ ਬੁੱਟਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ, ਪ੍ਰਿੰਸੀਪਲ ਸ਼੍ਰੀ ਸੁਰਿੰਦਰ ਕੁਮਾਰ ਸ਼ਰਮਾ, ਉਰਦੂ ਵਿਦਵਾਨ ਸ਼੍ਰੀ ਜਗਦੀਸ਼ ਕੰਬੋਜ ਅਤੇ ਅੰਤਰ ਰਾਸ਼ਟਰੀ ਸਰਬ ਸਾਂਝਾ ਸਾਹਿਤਕ ਮੰਚ (ਰਜਿ.), ਕੈਨੇਡਾ ਦੇ ਚੇਅਰਮੈਨ ਸ. ਦਲਜੀਤ ਸਿੰਘ ਗੈਦੂ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਕੀਤੀ ਗਈ।ਪ੍ਰੋ. ਗੁਰਪ੍ਰੀਤ ਘਾਲੀ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸ਼ਖ਼ਸੀਅਤਾਂ ਦੀ ਜਾਣ-ਪਹਿਚਾਣ ਕਰਵਾਈ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਡੀ. ਐੱਮ. ਕਾਲਜ, ਮੋਗਾ ਦੁਆਰਾ ਭਾਸ਼ਾ ਵਿਭਾਗ ਨੂੰ ਦਿੱਤੇ ਜਾਂਦੇ ਸਹਿਯੋਗ ਲਈ ਸੰਸਥਾ ਮੁਖੀ, ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਮੁਸ਼ਾਇਰੇ ਦਾ ਮੰਚ ਸੰਚਾਲਨ ਪੰਜਾਬੀ ਗ਼ਜ਼ਲਗੋ ਰਣਜੀਤ ਸਰਾਂਵਾਲੀ ਨੇ ਕੀਤਾ। ਇਸ ਕਵੀ ਦਰਬਾਰ ਵਿੱਚ ਪ੍ਰਸਿੱਧ ਸ਼ਾਇਰ ਨਰਿੰਦਰਪਾਲ ਕੰਗ, ਨੱਕਾਸ਼ ਚਿਤੇਵਾਣੀ, ਨਰਿੰਦਰ ਰੋਹੀ, ਜਗਦੀਸ਼ ਕੰਬੋਜ, ਹਰਭਜਨ ਨਾਗਰਾ, ਵਿਵੇਕ ਕੋਟ ਈਸੇ ਖਾਂ, ਮਾਸਟਰ ਸ਼ਮਸ਼ੇਰ ਸਿੰਘ, ਅਮਨਦੀਪ ਕੌਰ, ਡਾ. ਸਰਬਜੀਤ ਕੌਰ ਬਰਾੜ, ਹਰਵਿੰਦਰ ਰੋਡੇ, ਬੂਟਾ ਗੁਲਾਮੀ ਵਾਲਾ, ਸਾਗਰ ਸਫ਼ਰੀ, ਯਾਦਵਿੰਦਰ, ਰਣਜੀਤ ਸਰਾਂਵਾਲੀ, ਅਮਰਪ੍ਰੀਤ ਕੌਰ, ਚਰਨਜੀਤ ਸਮਾਲਸਰ ਅਤੇ ਧਾਮੀ ਗਿੱਲ ਨੇ ਆਪਣੇ ਕਲਾਮ ਸਾਂਝੇ ਕੀਤੇ। ਇਸ ਮੌਕੇ ਸ਼੍ਰੀ ਸੱਤ ਪ੍ਰਕਾਸ਼ ਉੱਪਲ ਨੇ ਆਪਣਾ ਕਲਾਮ ਸਾਂਝਾ ਕਰਦਿਆਂ ਭਾਸ਼ਾ ਵਿਭਾਗ ਵੱਲੋਂ ਸਥਾਪਿਤ ਸ਼ਾਇਰਾਂ ਦੇ ਨਾਲ-ਨਾਲ ਨਵੇਂ ਸ਼ਾਇਰਾਂ ਨੂੰ ਵੀ ਮੰਚ ਮੁਹੱਈਆ ਕਰਵਾਏ ਜਾਣ ਦੀ ਸ਼ਲਾਘਾ ਕੀਤੀ।
ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਦੁਆਰਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਹਿੰਦੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਸਾਹਿਤ ਨੂੰ ਵੀ ਸਨਮਾਨ ਦਿੱਤਾ ਜਾਣਾ ਇਕ ਨਿੱਗਰ ਪ੍ਰੰਪਰਾ ਹੈ। ਪ੍ਰਿੰਸੀਪਲ ਐੱਸ. ਕੇ. ਸ਼ਰਮਾ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੇ ਸੰਕਲਪ ਹਮੇਸ਼ਾਂ ਪੰਜਾਬੀ ਵਿੱਚ ਸਮਝਾਏ ਹਨ ਅਤੇ ਉਨ੍ਹਾਂ ਨੂੰ ਬਿਹਤਰ ਨਤੀਜੇ ਹਾਸਲ ਹੋਏ ਹਨ। ਬਲਦੇਵ ਸਿੰਘ ਸੜਕਨਾਮਾ, ਦਲਜੀਤ ਸਿੰਘ ਗੈਦੂ ਅਤੇ ਜਗਦੀਸ਼ ਕੰਬੋਜ ਨੇ ਭਾਸ਼ਾ ਵਿਭਾਗ, ਪੰਜਾਬ ਦੁਆਰਾ ਕਰਵਾਈਆਂ ਜਾਂਦੀਆਂ ਸਾਹਿਤਕ ਸਰਗਰਮੀਆਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਜੂਨੀਅਰ ਸਹਾਇਕ ਨਵਦੀਪ ਸਿੰਘ ਦੀ ਦੇਖ-ਰੇਖ ਹੇਠ ਵਿਸ਼ੇਸ਼ ਤੌਰ ‘ਤੇ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜੋ ਕਿ ਆਏ ਹੋਏ ਸਾਹਿਤਕਾਰਾਂ, ਮਹਿਮਾਨਾਂ ਅਤੇ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਇਸ ਮੌਕੇ ਸ. ਗਿਆਨ ਸਿੰਘ (ਸਾਬਕਾ ਡੀ.ਪੀ.ਆਰ.ਓ.), ਕੁਲਵੰਤ ਸਿੰਘ ਧਾਲੀਵਾਲ, ਜਸਵਿੰਦਰ ਧਰਮਕੋਟ, ਬਬਲੀ, ਪ੍ਰੇਮ ਕੁਮਾਰ ਮੋਗਾ, ਰੋਹਿਤਾਸ਼ ਉੱਪਲ, ਜਗਰਾਜ ਸਿੰਘ ਮੋਗਾ, ਗਗਨਦੀਪ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਕੌਰ, ਮਨਰੀਤ ਕੌਰ, ਕਮਲਜੀਤ ਕੌਰ, ਗੁਰਜੀਤ ਕੌਰ, ਰਚਨਾ ਰਾਣੀ, ਸਾਹਿਲ ਕੁਮਾਰ, ਮੋਹਿਤ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।
ਭਾਸ਼ਾ ਵਿਭਾਗ ਵੱਲੋਂ ਡੀ. ਐੱਮ. ਕਾਲਜ, ਮੋਗਾ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ


