ਨਸ਼ਾ ਮੁਕਤ ਪੰਜਾਬ ਮਿਸ਼ਨ ਸਮਾਈਲ ਤਹਿਤ ਜਨਤਕ ਥਾਵਾਂ ’ਤੇ ਕਾਊਂਸਲਿੰਗ ਤੇ ਜਾਗਰੂਕਤਾ ਮੁਹਿੰਮ ਸ਼ੁਰੂ

Hoshiarpur Politics Punjab

ਹੁਸ਼ਿਆਰਪੁਰ, 10 ਫਰਵਰੀ: ਨਸ਼ਾ ਮੁਕਤ ਮਿਸ਼ਨ ਪੰਜਾਬ ਸਮਾਈਲ 2.0 ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਨਸ਼ਿਆਂ ਤੋਂ ਨਿਜਾਤ ਪਾਉਣ ਲਈ ਜਾਣਕਾਰੀ ਦੇਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਜਨਤਕ ਥਾਵਾਂ ’ਤੇ ਹੈਲਪ ਡੈਸਕਾਂ ਰਾਹੀਂ ਕਾਊਂਸਲਿੰਗ ਅਤੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

        ਮੁਹਿੰਮ ਤਹਿਤ ਅੱਜ ਸਥਾਨਕ ਸੇਵਾ ਕੇਂਦਰ ਅਤੇ ਐਸ.ਡੀ.ਐਮ. ਦਫ਼ਤਰ ਵਿਖੇ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਵਲੋਂ ਹੈਲਪ ਡੈਸਕ ਲਗਾ ਕੇ 200 ਤੋਂ ਵੱਧ ਲੋਕਾਂ ਨੂੰ ਨਸ਼ਿਆਂ ਦੇ ਸਿਹਤ ਅਤੇ ਸਮਾਜ ਨੂੰ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ। ਸੇਵਾ ਕੇਂਦਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਹੈਲਪ ਡੈਸਕ ਦੀ ਸ਼ੁਰੂਆਤ ਕਰਵਾਈ ਅਤੇ ਮੌਜੂਦ ਲੋਕਾਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਦੀ ਅਲਾਮਤ ਖਿਲਾਫ ਇਕਜੁੱਟ ਹੋ ਕੇ ਇਸ ਦੇ ਜੜੋਂ ਖਾਤਮੇ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਸੈਂਟਰ ਸਫਲਤਾਪੂਰਵਕ ਚੱਲ ਰਿਹਾ ਹੈ ਜਿਥੇ ਨਸ਼ਿਆਂ ਦੇ ਆਦੀ ਲੋਕਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਹੈਲਪ ਡੈਸਕ 28 ਫਰਵਰੀ ਤੱਕ ਜ਼ਿਲ੍ਹੇ ਦੀਆ ਵੱਖ-ਵੱਖ ਜਨਤਕ ਥਾਵਾਂ ’ਤੇ ਲਗਾਏ ਜਾਣਗੇ ਜਿਥੇ ਮਾਹਰਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

        ਡਿਪਟੀ ਮੈਡੀਕਲ ਕਮਿਸ਼ਨਰ-ਕਮ-ਮੈਂਬਰ ਸਕੱਤਰ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਡਾ. ਹਰਬੰਸ ਕੌਰ ਨੇ ਦੱਸਿਆ ਕਿ ਇਹ ਮੁਹਿੰਮ 28 ਫਰਵਰੀ ਤੱਕ ਜਾਰੀ ਰਹੇਗੀ ਜਿਸ ਦੌਰਾਨ ਲੋਕਾਂ ਨੂੰ ਜਾਗਰੂਕ ਕਰਦਿਆਂ ਨਸ਼ਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਵਿਅਕਤੀਆਂ ਨੂੰ ਨਸ਼ਾ ਮੁਕਤੀ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ, ਜੋ ਕਿ 2015 ’ਚ ਸ਼ੁਰੂ ਹੋਇਆ ਸੀ, ਵਿਖੇ ਨਸ਼ੇ ਛੁਡਾਉਣ ਲਈ ਸੁਚੱਜੇ ਪ੍ਰਬੰਧਾਂ ਦੇ ਨਾਲ-ਨਾਲ ਕਿੱਤਾਮੁਖੀ ਕੋਰਸਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਪ੍ਰਭਾਵਿਤ ਵਿਅਕਤੀ ਨਸ਼ੇ ਛੱਡ ਕੇ ਆਪਣਾ ਰੋਜ਼ਗਾਰ ਚਲਾ ਸਕਣ। ਉਨ੍ਹਾਂ ਦੱਸਿਆ ਕਿ 11 ਫਰਵਰੀ ਨੂੰ ਐਸ.ਡੀ ਦਫ਼ਤਰ ਦਸੂਹਾ ਅਤੇ ਮੁਕੇਰੀਆਂ ਵਿਖੇ ਹੈਲਪ ਡੈਸਕ ਲਗਾਏ ਜਾਣਗੇ ਜਿਥੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਮਾਹਰਾਂ ਵਲੋਂ ਕਾਊਂਸਲਿੰਗ ਅਤੇ ਜਾਗਰੂਕ ਕੀਤਾ ਜਾਵੇਗਾ।        ਜ਼ਿਕਰਯੋਗ ਹੈ ਕਿ 13 ਫਰਵਰੀ ਨੂੰ ਐਸ.ਡੀ.ਐਮ ਦਫ਼ਤਰ ਗੜ੍ਹਸ਼ੰਕਰ ਅਤੇ ਟਾਂਡਾ, 14 ਫਰਵਰੀ ਨੂੰ ਨਾਇਬ ਤਹਿਸੀਲਦਾਰ ਦਫ਼ਤਰ ਮਾਹਿਲਪੁਰ, 17 ਫਰਵਰੀ ਨੂੰ ਜੁਡੀਸ਼ੀਅਲ ਕੋਰਟ ਕੰਪਲੈਕਸ ਹੁਸ਼ਿਆਰਪੁਰ, 18 ਫਰਵਰੀ ਨੂੰ ਜੁਡੀਸ਼ੀਅਲ ਕੋਰਟ ਕੰਪਲੈਕਸ ਦਸੂਹਾ ਤੇ ਮੁਕੇਰੀਆਂ, 19 ਫਰਵਰੀ ਨੂੰ ਬੱਸ ਅੱਡਾ ਹੁਸ਼ਿਆਰਪੁਰ, 20 ਫਰਵਰੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ, ਸਿਵਲ ਹਸਪਤਾਲ ਦਸੂਹਾ, ਸਿਵਲ ਹਸਪਤਾਲ ਮੁਕੇਰੀਆਂ ਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਹੈਲਪ ਡੈਸਕ ਲਗਾਏ ਜਾਣਗੇ। ਇਸੇ ਤਰ੍ਹਾਂ 22 ਫਰਵਰੀ ਨੂੰ ਸਾਰੇ ਓਟ ਕਲੀਨਿਕਾਂ ਅਤੇ ਸੈਂਟਰਲ ਜੇਲ੍ਹ ਹੁਸ਼ਿਆਰਪੁਰ, 24 ਫਰਵਰੀ ਨੂੰ ਏ.ਡੀ.ਸੀ. (ਡੀ) ਦਫ਼ਤਰ, 25 ਫਰਵਰੀ ਨੂੰ ਵੁਮੈਨ ਸੈਲ ਹੁਸ਼ਿਆਰਪੁਰ, 27 ਫਰਵਰੀ ਨੂੰ ਸ਼ਹਿਰੀ ਡਿਸਪੈਂਸਰੀ ਪੁਰਹੀਰਾਂ, 28 ਫਰਵਰੀ ਨੂੰ ਸ਼ਹਿਰੀ ਡਿਸਪੈਂਸਰੀ ਕਨਾਲ ਕਾਲੋਨੀ ਅਤੇ ਸ਼ਹਿਰੀ ਡਿਸਪੈਂਸਰੀ ਅਸਲਾਮਾਬਾਦ ਵਿਖੇ ਹੈਲਪ ਡੈਸਕ ਲਗਾਏ ਜਾਣਗੇ।  

        ਇਸ ਮੌਕੇ  ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਪਰਮਪ੍ਰੀਤ ਸਿੰਘ, ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਦੇ ਮੈਨੇਜਰ ਨਿਸ਼ਾ ਰਾਣੀ, ਕਾਊਂਸਲਰ ਪ੍ਰਸ਼ਾਂਤ ਆਦਿਆ, ਤਾਨੀਆ ਵੋਹਰਾ ਅਤੇ ਸੰਦੀਪ ਕੁਮਾਰੀ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *