ਐਤਕੀਂ ਪੋਲਿੰਗ ਸਟੇਸ਼ਨਾਂ ਉਤੇ ਲੱਗਣਗੀਆਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ

Moga

ਮੋਗਾ, 16 ਅਪ੍ਰੈਲ (000) – ਪੰਜਾਬ ਵਿੱਚ ਵੋਟਾਂ 1 ਜੂਨ, 2024 ਨੂੰ ਪੈਣੀਆਂ ਹਨ, ਇਸ ਦਿਨ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਚੋਣ ਦਫ਼ਤਰ ਪੰਜਾਬ ਵੱਲੋਂ ਹਰੇਕ ਪੋਲਿੰਗ ਸਟੇਸ਼ਨ ਉਤੇ ਵੋਟਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ।

ਮੁੱਖ ਚੋਣ ਦਫ਼ਤਰ ਪੰਜਾਬ ਵੱਲੋਂ ਮਿਲੇ ਪੱਤਰ ਦਾ ਹਵਾਲਾ ਦਿੰਦਿਆਂ ਜਿਲ੍ਹਾ ਚੋਣ ਅਫ਼ਸਰ –ਕਮ – ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ 1 ਜੂਨ 2024 ਨੂੰ ਸੂਬੇ ਵਿੱਚ ਗਰਮੀ ਦਾ ਸੀਜ਼ਨ ਆਪਣੀ ਚਰਮ ਸੀਮਾਂ ਉਤੇ ਹੋਵੇਗਾ। ਮੁੱਖ ਚੋਣ ਦਫ਼ਤਰ ਪੰਜਾਬ ਵੱਲੋਂ ਜਿੱਥੇ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ਤੱਕ ਲਿਆਉਣ ਅਤੇ ਉਹਨਾਂ ਦੀ ਵੋਟ ਪੁਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ, ਉੱਥੇ ਹੀ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਜਿੰਨਾਂ ਵਿੱਚੋਂ ਇੱਕ ਹੈ ਕਿ ਹਰੇਕ ਪੋਲਿੰਗ ਸਟੇਸ਼ਨ ਉਤੇ ਇਸ ਵਾਰ ਠ਼ੰਡੇ ਮਿੱਠੇ (ਸ਼ਰਬਤ) ਜਲ ਦੀਆਂ ਛਬੀਲਾਂ ਲਗਾਈਆਂ ਜਾ ਰਹੀਆਂ ਹਨ। ਇਹ ਛਬੀਲਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ਉਤੇ ਲਗਾਈਆਂ ਜਾਣਗੀਆਂ। ਇਹ ਪਹਿਲੀ ਵਾਰ ਹੈ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਇਹ ਪ੍ਰਬੰਧ ਕੀਤੇ ਜਾ ਰਹੇ ਹਨ।

ਉਹਨਾਂ ਦੱਸਿਆ ਕਿ ਇਸ ਵਾਰ ਉਕਤ ਤੋਂ ਇਲਾਵਾ ਹਰੇਕ ਪੋਲਿੰਗ ਸਟੇਸ਼ਨ ਉਤੇ ਪੱਖਿਆਂ ਦੇ ਨਾਲ-ਨਾਲ ਲੋੜ੍ਹ ਅਨੁਸਾਰ ਕੂਲਰ ਅਤੇ ਏਅਰ ਕੰਡੀਸ਼ਨਰ ਵੀ ਲਗਾਏ ਜਾਣਗੇ। ਹਰੇਕ ਪੋਲਿੰਗ ਸਟੇਸ਼ਨ ਵਿੱਚ ਲੋਕਾਂ ਦੀ ਸਹੂਲਤ ਲਈ ਵੱਖਰੇ ਤੌਰ ਉਤੇ ਹਾਈਡਰੇਸ਼ਨ ਸਟੇਸ਼ਨ ਵੀ ਸਥਾਪਿਤ ਕੀਤੇ ਜਾਣਗੇ। ਛਬੀਲ ਅਤੇ ਹਾਈਡਰੇਸ਼ਨ ਸਟੇਸ਼ਨ ਉੱਤੇ ਸਾਫ਼ ਸਫਾਈ, ਸ਼ੁੱਧ ਪੀਣ ਵਾਲੇ ਪਾਣੀ ਦਾ ਖਾਸ ਧਿਆਨ ਰੱਖਿਆ ਜਾਵੇਗਾ। ਚੋਣ ਅਮਲੇ ਨੂੰ ਗਰਮੀ ਤੋਂ ਬਚਾਉਣ ਲਈ ਸਿਰ ਢਕਣ ਲਈ ਛੋਟੇ ਤੌਲੀਏ (ਟਾਵਲ) ਵੀ ਮੁਹੱਈਆ ਕਰਵਾਏ ਜਾਣਗੇ। ਇਸੇ ਤਰ੍ਹਾਂ ਵੋਟਰਾਂ ਦੀ ਸਹੂਲਤ ਲਈ ਛਾਂਦਾਰ ਵੇਟਿੰਗ ਏਰੀਆ ਤਿਆਰ ਕੀਤਾ ਜਾਵੇਗਾ ਅਤੇ ਸ਼ਮਿਆਨਾ ਲਗਾਇਆ ਜਾਵੇਗਾ। ਹਰੇਕ ਪੋਲਿੰਗ ਸਟੇਸ਼ਨ ਉਤੇ ਮੁਢਲੀ ਮੈਡੀਕਲ ਸਹੂਲਤ, ਦਿਵਿਆਂਗ ਲੋਕਾਂ ਦੀ ਸਹਾਇਤਾ ਲਈ ਵਿਸ਼ੇਸ਼ ਸਟਾਫ਼, ਬਜੁਰਗ ਵੋਟਰਾਂ ਲਈ ਵੱਖਰੇ ਪ੍ਰਬੰਧ ਅਤੇ ਚੋਣ ਸਟਾਫ਼ ਦੀ ਸਹਾਇਤਾ ਲਈ ਲੋੜੀਂਦੀ ਗਿਣਤੀ ਵਿੱਚ ਵਲੰਟੀਅਰ ਲਾਏ ਜਾਣਗੇ। ਚੋਣ ਕਮਿਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਵੋਟਰ ਸਵੇਰੇ ਜਲਦੀ ਵੋਟ ਪਾਉਣ ਲਈ ਪਹੁੰਚਣਗੇ, ਉਹਨਾਂ ਨੂੰ ਹੋਰ ਵੀ ਜਿਆਦਾ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਪੋਲਿੰਗ ਸਟੇਸ਼ਨ ਉਤੇ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਐਮਰਜੈਂਸੀ ਰਿਸਪੋਂਸ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੋਲਿੰਗ ਸਟੇਸ਼ਨ ਦੇ ਸਟਾਫ਼ ਨੂੰ ਵਿਸ਼ੇਸ਼ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ। ਸ. ਕੁਲਵੰਤ ਸਿੰਘ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਚੋਣ ਕਮਿਸ਼ਨ ਦੇ “”ʺਇਸ ਵਾਰ 70 ਪਾਰʺ ਦੇ ਨਾਅਰੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰੇਗਾ। ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਅਤੇ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਹੋਰ ਮਜਬੂਤ ਕਰਨ ਵਿੱਚ ਯੋਗਦਾਨ ਪਾਉਣ ।