ਫਾਜ਼ਿਲਕਾ, 18 ਅਪ੍ਰੈਲ
ਹਰ ਪਿੰਡ ਵਿੱਚ ਯੋਗ” ਦੇ ਟੀਚੇ ਨੂੰ ਸਾਕਾਰ ਕਰਨ ਵੱਲ, ਪੰਜਾਬ ਸਰਕਾਰ ਦੀ ਸੀ.ਐਮ. ਯੋਗਸ਼ਾਲਾ ਮੁਹਿੰਮ ਲਗਾਤਾਰ ਅੱਗੇ ਵਧ ਰਹੀ ਹੈ। ਸਿਹਤ ਪ੍ਰਤੀ ਜਨਤਕ ਜਾਗਰੂਕਤਾ ਫੈਲਾਉਣ ਅਤੇ ਨਾਗਰਿਕਾਂ ਨੂੰ ਬਿਮਾਰੀ ਮੁਕਤ ਜੀਵਨ ਵੱਲ ਪ੍ਰੇਰਿਤ ਕਰਨ ਲਈ, ਇਹ ਯੋਜਨਾ ਫਾਜ਼ਿਲਕਾ ਜ਼ਿਲ੍ਹੇ ਵਿੱਚ ਦੁੱਗਣੀ ਗਤੀ ਨਾਲ ਅੱਗੇ ਵਧ ਰਹੀ ਹੈ। ਇਹ ਜਾਣਕਾਰੀ ਐਸ ਡੀ ਐਮ ਕਮ ਨੋਡਲ ਅਫਸਰ ਸੀਐਮ ਦੀ ਯੋਗ ਸ਼ਾਲਾ ਮੁਹਿਮ ਕ੍ਰਿਸ਼ਨ ਪਾਲ ਰਾਜਪੂਤ ਨੇ ਦਿੱਤੀ |
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਅਤੇ ਲੋਕ ਭਲਾਈ ਉਪਰਾਲੇ ਤਹਿਤ, ਹੁਣ ਤੱਕ ਜ਼ਿਲ੍ਹਾ ਫਾਜ਼ਿਲਕਾ ਦੇ ਲਗਭਗ 7000 ਲੋਕਾਂ ਨੂੰ ਸੀ ਐਮ ਦੀ ਯੋਗਸ਼ਾਲਾ ਤੋਂ ਲਾਭ ਪਹੁੰਚਾਇਆ ਜਾ ਚੁੱਕਾ ਹੈ। ਸੀ ਐਮ ਦੀ ਯੋਗਸ਼ਾਲਾ ਵਿੱਚ ਇਸ ਵੇਲੇ, 27 ਮਾਸਟਰ ਟ੍ਰੇਨਰ ਜ਼ਿਲ੍ਹੇ ਵਿੱਚ 150 ਥਾਵਾਂ ‘ਤੇ ਲੋਕਾਂ ਨੂੰ ਮੁਫ਼ਤ ਯੋਗਾ ਸਿਖਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ, ਯੋਗਾ ਕਲਾਸਾਂ 150 ਹੋਰ ਨਵੀਆਂ ਥਾਵਾ ‘ਤੇ ਸ਼ੁਰੂ ਕੀਤੀਆਂ ਜਾਣਗੀਆਂ, ਜਿਸ ਨਾਲ ਯੋਗਾ ਕੇਂਦਰਾਂ ਦੀ ਕੁੱਲ ਗਿਣਤੀ ਲਗਭਗ 300 ਹੋ ਜਾਵੇਗੀ।
ਸਰਕਾਰ ਦੀ ਇਸ ਯੋਜਨਾ ਦੇ ਤਹਿਤ, ਸਿਖਲਾਈ ਪ੍ਰਾਪਤ ਯੋਗਾ ਮਾਹਿਰ ਨਾਗਰਿਕਾਂ ਨੂੰ ਨਿਯਮਤ ਯੋਗਾ ਸੈਸ਼ਨਾਂ ਵਿੱਚ ਮੁਫਤ ਵਿੱਚ ਧਿਆਨ, ਪ੍ਰਾਣਾਯਾਮ, ਆਸਣ ਅਤੇ ਕਸਰਤ ਸਿਖਾ ਰਹੇ ਹਨ। ਇਨ੍ਹਾਂ ਅਭਿਆਸਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਜੋੜਾਂ ਦੇ ਦਰਦ, ਤਣਾਅ, ਨੀਂਦ ਦੀਆਂ ਸਮੱਸਿਆਵਾਂ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲੀ ਹੈ, ਅਤੇ ਬਹੁਤ ਸਾਰੇ ਲੋਕਾਂ ਨੇ ਦਵਾਈਆਂ ‘ਤੇ ਆਪਣੀ ਨਿਰਭਰਤਾ ਵੀ ਘਟਾ ਦਿੱਤੀ ਹੈ।
ਸੀ.ਐਮ. ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਧੇ ਸ਼ਿਆਮ ਨੇ ਦੱਸਿਆ ਕਿ ਜੋ ਲੋਕ ਆਪਣੇ ਖੇਤਰ ਵਿੱਚ ਯੋਗਾ ਸੈਸ਼ਨ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਪੰਜਾਬ ਸਰਕਾਰ ਵੱਲੋਂ ਜਾਰੀ ਹੈਲਪਲਾਈਨ ਨੰਬਰ 76694-00500 ‘ਤੇ ਮਿਸਡ ਕਾਲ ਦੇ ਸਕਦੇ ਹਨ। ਜੇਕਰ ਕੋਈ ਵਿਅਕਤੀ 25 ਮੈਂਬਰਾਂ ਦਾ ਸਮੂਹ ਬਣਾ ਕੇ ਇਸ ਨੰਬਰ ‘ਤੇ ਸੰਪਰਕ ਕਰਦਾ ਹੈ ਤਾਂ ਉਸਦੇ ਇਲਾਕੇ ਵਿੱਚ ਜਲਦੀ ਹੀ ਮੁਫ਼ਤ ਯੋਗਾ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।
ਪੰਜਾਬ ਸਰਕਾਰ ਦੀ ਇਹ ਵਿਲੱਖਣ ਪਹਿਲਕਦਮੀ ਨਾ ਸਿਰਫ਼ ਲੋਕਾਂ ਨੂੰ ਸਰੀਰਕ ਤੌਰ ‘ਤੇ ਸਿਹਤਮੰਦ ਬਣਾ ਰਹੀ ਹੈ, ਸਗੋਂ ਮਾਨਸਿਕ ਸ਼ਾਂਤੀ ਅਤੇ ਸਮੂਹਿਕ ਸਾਂਝ ਦੀ ਭਾਵਨਾ ਵੀ ਵਧਾ ਰਹੀ ਹੈ। ਯੋਗ ਦੀ ਇਹ ਜਨ ਲਹਿਰ ਜ਼ਿਲ੍ਹੇ ਵਿੱਚ ਹੋਰ ਤੇਜ਼ੀ ਫੜ ਰਹੀ ਹੈ ਅਤੇ ਲੋਕ ਦਿਨੋ-ਦਿਨ ਇਸ ਮੁਹਿੰਮ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਇਸਦਾ ਲਾਭ ਲੈ ਰਹੇ ਹਨ।