ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਗੁਰੂ ਨਾਨਕ ਦੇਵ ਜੀ ਦੀ ਤੱਕੜੀ ਨਾਲ ਤੁਲਨਾ ਕਰਨ ਵਾਲੀ ਹਰਸਿਮਰਤ ਬਾਦਲ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਚੁੱਪ ਕਿਉਂ: ਮੁੱਖ ਮੰਤਰੀ

Punjab

ਚੰਡੀਗੜ੍ਹ, 18 ਜਨਵਰੀ:

ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਤੁਲਨਾ ਪਹਿਲੇ ਸਿੱਖ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਕਰਨ ਬਾਰੇ ਹਰਸਿਮਰਤ ਕੌਰ ਬਾਦਲ ਦੇ ਬਿਆਨ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਧਾਰੀ ਚੁੱਪ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਲ ਚੁੱਕਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਅਚੰਭੇ ਵਾਲੀ ਗੱਲ ਹੈ ਕਿ ਹਰਸਿਮਰਤ ਬਾਦਲ ਦੇ ਅਜਿਹੇ ਗੈਰ-ਜ਼ਿੰਮੇਵਾਰਾਨਾ ਤੇ ਨਿਰਾਧਾਰ ਬਿਆਨਾਂ ਰਾਹੀਂ ਹਰੇਕ ਸਿੱਖ ਦੇ ਹਿਰਦੇ ਨੂੰ ਠੇਸ ਪੁੱਜੀ ਹੈ ਪਰ ਸ਼੍ਰੋਮਣੀ ਕਮੇਟੀ ਇਸ ਮਸਲੇ ਉਤੇ ਚੁੱਪ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਦਿਸਦਾ ਹੈ ਕਿ ਧਾਮੀ ਅਕਾਲੀ ਦਲ ਖ਼ਾਸ ਤੌਰ ਉਤੇ ਬਾਦਲ ਪਰਿਵਾਰ ਦੇ ਇਕ ਵਫ਼ਾਦਾਰ ਵਲੰਟੀਅਰ ਤੋਂ ਵੱਧ ਕੁੱਝ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੰਦਭਾਗੀਂ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣੇ ਆਕਾਵਾਂ ਦੀਆਂ ਸਾਰੀਆਂ ਗਲਤੀਆਂ ਵੱਲੋਂ ਅੱਖਾਂ ਮੀਟ ਲਈਆਂ ਹਨ, ਜਿਸ ਕਾਰਨ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਵੱਜ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਬਾਦਲ ਦਾ ਇਹ ਬਿਆਨ ਮਾਘੀ ਮੌਕੇ ਆਇਆ ਪਰ ਇਸ ਸਮੁੱਚੇ ਮਸਲੇ ਉਤੇ ਧਾਮੀ ਦੀ ਗੁੱਝੀ ਚੁੱਪ ਨਾਲ ਇਹ ਗੱਲ ਪੁਖ਼ਤਾ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਦਲਾਂ ਦੇ ਹੱਥਾਂ ਦੀ ਕਠਪੁਤਲੀ ਤੋਂ ਵੱਧ ਕੁੱਝ ਨਹੀਂ ਹਨ। ਉਨ੍ਹਾਂ ਕਿਹਾ ਕਿ ਇੰਨੀ ਕਿੰਨੀ ਮਾੜੀ ਗੱਲ ਹੈ ਕਿ ਬਾਦਲ ਪਰਿਵਾਰ ਦੀਆਂ ਕਾਰਵਾਈਆਂ ਪੂਰੀ ਤਰ੍ਹਾਂ ਸਿੱਖੀ ਰਹਿਤ ਮਰਿਆਦਾ ਦੇ ਉਲਟ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਨ੍ਹਾਂ ਵਿੱਚ ਕੁੱਝ ਵੀ ਗ਼ਲਤ ਨਜ਼ਰ ਨਹੀਂ ਆਉਂਦਾ। ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚੇਤਾਵਨੀ ਦਿੱਤੀ ਕਿ ਸਿੱਖ ਸੰਗਤ ਉਨ੍ਹਾਂ ਨੂੰ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਦੀ ਨੀਤੀ ਲਈ ਮੁਆਫ਼ ਨਹੀਂ ਕਰੇਗੀ ਅਤੇ ਢੁਕਵਾਂ ਸਬਕ ਸਿਖਾਏਗੀ।
ਮੁੱਖ ਮੰਤਰੀ ਨੇ ਧਾਮੀ ਨੂੰ ਚੁਣੌਤੀ ਦਿੱਤੀ ਕਿ ਉਹ ਮੀਡੀਆ ਸਾਹਮਣੇ ਆਉਣ ਅਤੇ ਆਪਣੇ ਆਕਾਵਾਂ ਤੇ ਅਕਾਲੀ ਦਲ ਦਾ ਇਨ੍ਹਾਂ ਘਟੀਆ ਹਰਕਤਾਂ ਲਈ ਬਚਾਅ ਕਰਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਉਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਦੋਸ਼ ਲਾਉਂਦੀ ਰਹੀ ਹੈ ਪਰ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ਼ੋਮਣੀ ਕਮੇਟੀ ਅਤੇ ਇਸ ਦੇ ਪ੍ਰਧਾਨ ਅਕਾਲੀ ਦਲ ਵਿੱਚ ਹਾਵੀ ਇਸ ਪਰਿਵਾਰ ਦੇ ਹੱਥ-ਠੋਕੇ ਵਜੋਂ ਕੰਮ ਕਰ ਰਹੇ ਹਨ।