ਬਰਨਾਲਾ, 19 ਫਰਵਰੀ
ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਬਣ ਰਹੇ ਕ੍ਰਿਟੀਕਲ ਕੇਅਰ ਯੂਨਿਟ (ਸੀ.ਸੀ.ਯੂ.) ਦੀ ਇਮਾਰਤ ਦਾ ਦੌਰਾ ਕਰ ਕੇ ਕੰਮ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਪਲੇਟਲੈਟ ਐਜੀਟੇਟਰ ਕਮ ਇਨਕਿਊਬੇਟਰ ਮਸ਼ੀਨ ਵੀ ਮਰੀਜ਼ਾਂ ਨੂੰ ਸਮਰਪਿਤ ਕੀਤੀ।
ਸ. ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਬਰਨਾਲਾ ਖੇਤਰ ਦੇ ਵਸਨੀਕਾਂ ਨੂੰ ਐਮਰਜੈਂਸੀ ਹਾਲਤਾਂ ਵਿੱਚ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ 16.50 ਕਰੋੜ ਰੁਪਏ ਦੀ ਲਾਗਤ ਨਾਲ ਸੀ.ਸੀ.ਯੂ. ਬਣ ਰਿਹਾ ਹੈ। ਇਸ ਯੂਨਿਟ ਦੀ ਸਮਰੱਥਾ 50 ਬੈੱਡ ਹੋਵੇਗੀ। ਇਹ ਯੂਨਿਟ ਅਗਲੇ ਸਾਲ ਬਰਨਾਲਾ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਸ. ਮੀਤ ਹੇਅਰ ਵੱਲੋਂ ਹਸਪਤਾਲ ਦਾ ਦੌਰਾ ਕਰਕੇ ਇਮਾਰਤ ਦੇ ਕੰਮ ਦਾ ਜਾਇਜ਼ਾ ਲਿਆ ਗਿਆ। ਲੋਕ ਸਭਾ ਮੈਂਬਰ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿੱਚ ਟਰਾਈਡੈਂਟ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਵੱਲੋਂ ਦਿੱਤੀ ਗਈ ਪਲੇਟਲੈਟ ਐਜੀਟੇਟਰ ਕਮ ਇਨਕਿਊਬੇਟਰ ਮਸ਼ੀਨ ਵੀ ਲੋਕਾਂ ਨੂੰ ਸਮਰਪਿਤ ਕੀਤੀ ਗਈ, ਜਿਸ ਦੀ ਲਾਗਤ ਕਰੀਬ ਸਵਾ ਚਾਰ ਲੱਖ ਰੁਪਏ ਹੈ। ਇਹ ਮਸ਼ੀਨ ਜੱਚਾ – ਬੱਚਾ ਵਾਰਡ ਦੇ ਬਲੱਡ ਬੈਂਕ ਵਿੱਚ ਸਥਾਪਤ ਹੈ। ਇਸ ਨਾਲ ਹਰ ਐਮਰਜੈਂਸੀ ਵੇਲੇ ਮਰੀਜ਼ਾਂ ਨੂੰ ਇਸ ਦਾ ਲਾਭ ਮਿਲੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਸ. ਹਰਿੰਦਰ ਸਿੰਘ ਧਾਲੀਵਾਲ, ਸਿਵਲ ਸਰਜਨ ਡਾਕਟਰ ਬਲਦੇਵ ਸਿੰਘ ਸੰਧੂ, ਐੱਸ ਐਮ ਓ ਬਰਨਾਲਾ ਡਾਕਟਰ ਤਪਿੰਦਰਜੋਤ ਕੌਸ਼ਲ, ਟਰਾਈਡੈਂਟ ਤੋਂ ਸ੍ਰੀ ਰੁਪਿੰਦਰ ਗੁਪਤਾ, ਹੋਰ ਅਧਿਕਾਰੀ/ਕਰਮਚਾਰੀ ਅਤੇ ਪਤਵੰਤੇ ਹਾਜ਼ਰ ਸਨ।
16.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਸੀ.ਸੀ.ਯੂ. ਅਗਲੇ ਸਾਲ ਬਰਨਾਲਾ ਵਾਸੀਆਂ ਨੂੰ ਹੋਵੇਗਾ ਸਮਰਪਿਤ: ਮੀਤ ਹੇਅਰ


