ਚੰਡੀਗੜ੍ਹ, 5 ਜੁਲਾਈ: ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਕੁਰਾਲੀ ਦੇ ਸਾਬਕਾ ਨਗਰ ਕੌਂਸਲਰ ਗੌਰਵ ਗੁਪਤਾ ਨੂੰ ਨਗਰ ਕੌਂਸਲ ਜ਼ੀਰਕਪੁਰ ਦੇ ਸਾਬਕਾ ਕਾਰਜਕਾਰੀ ਅਫ਼ਸਰ(ਈ.ਓ) ਗਿਰੀਸ਼ ਵਰਮਾ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਮਦਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਗਿਰੀਸ਼ ਵਰਮਾ ਅਤੇ ਉਸਦੇ ਸਾਥੀਆਂ ਸੰਜੀਵ ਕੁਮਾਰ ਵਾਸੀ ਖਰੜ ਅਤੇ ਪਵਨ ਕੁਮਾਰ ਸ਼ਰਮਾ ਵਾਸੀ ਪੰਚਕੂਲਾ, ਜੋ ਕਿ ਕਲੋਨਾਈਜ਼ਰ ਹਨ, ਨੂੰ ਪਹਿਲਾਂ ਹੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਅਦਾਲਤ ਨੇ ਇਸ ਮਾਮਲੇ ਦੀ ਅਗਲੇਰੀ ਜਾਂਚ ਲਈ ਗੌਰਵ ਗੁਪਤਾ ਨੂੰ 4 ਦਿਨ ਦੇ ਪੁਲਿਸ ਰਿਮਾਂਡ ’ਤੇ ਵਿਜੀਲੈਂਸ ਕੋਲ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਗਿਰੀਸ਼ ਵਰਮਾ ਅਤੇ ਹੋਰਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਜੁਟਾਉਣ ਲਈ ਸਾਲ 2022 ਵਿੱਚ ਐਫ.ਆਈ.ਆਰ. ਨੰ. 18 ਦਰਜ ਕੀਤੀ ਸੀ। ਜਾਂਚ ਦੌਰਾਨ ਪਾਇਆ ਗਿਆ ਕਿ ਗਿਰੀਸ਼ ਵਰਮਾ ਨੇ ਆਪਣੀ ਪਤਨੀ ਸੰਗੀਤਾ ਵਰਮਾ ਅਤੇ ਪੁੱਤਰ ਵਿਕਾਸ ਵਰਮਾ ਦੇ ਨਾਂ ’ਤੇ 19 ਪ੍ਰਮੁੱਖ ਰਿਹਾਇਸ਼ੀ/ਵਪਾਰਕ ਜਾਇਦਾਦਾਂ ਖਰੀਦੀਆਂ ਸਨ। ਬੁਲਾਰੇ ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਗਿਰੀਸ਼ ਵਰਮਾ ਜ਼ੀਰਕਪੁਰ, ਖਰੜ, ਕੁਰਾਲੀ, ਡੇਰਾਬੱਸੀ ਆਦਿ ਨਗਰ ਕੌਂਸਲਾਂ ਵਿੱਚ ਈ.ਓ. ਦੇ ਅਹੁਦੇ ’ਤੇ ਰਹਿ ਚੁੱਕਾ ਹੈ ਅਤੇ ਸਥਾਨਕ ਬਿਲਡਰਾਂ/ਡਿਵੈਲਪਰਾਂ ਨੂੰ ਗਲਤ ਲਾਭ ਪਹੁੰਚਾਉਂਦਾ ਰਿਹਾ ਹੈ। ਜਿਸ ਦੇ ਇਵਜ਼ ਵਿੱਚ ਉਹ ਉਕਤ ਬਿਲਡਰਾਂ ਦੇ ਖਾਤਿਆਂ ਵਿੱਚੋਂ ਉਸ ਦੀ ਪਤਨੀ ਅਤੇ ਪੁੱਤਰ ਦੇ ਨਾਂ ’ਤੇ ਬੈਂਕ ਐਂਟਰੀਆਂ ਕਰਵਾ ਕੇ ਨਾਜਾਇਜ਼ ਪੈਸੇ ਇਕੱਠੇ ਕਰਦਾ ਸੀ । ਇਸ ਤੋਂ ਇਲਾਵਾ, ਗਿਰੀਸ਼ ਵਰਮਾ ਦੇ ਛੋਟੇ ਪੁੱਤਰ ਵਿਕਾਸ ਵਰਮਾ, ਜੋ ਕਿ ਵਿਦੇਸ਼ ਵਿਚ ਰਹਿ ਰਿਹਾ ਹੈ, ਬਾਰੇ ਪਤਾ ਲੱਗਾ ਹੈ ਕਿ ਉਸਨੂੰ ਵੀ ਕੁਝ ਸਥਾਨਕ ਬਿਲਡਰਾਂ ਅਤੇ ਡਿਵੈਲਪਰਾਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਹੋਈ ਸੀ। ਇਸ ਸਬੰਧੀ ਜਾਂਚ ਜਾਰੀ ਹੈ। ਥੋਖਾਧੜੀ ਨਾਲ ਇਕੱਠੇ ਕੀਤੇ ਇਸ ਪੈਸੇ ਦੀ ਵਰਤੋਂ ਜਾਇਦਾਦ ਖਰੀਦਣ ਲਈ ਕੀਤੀ ਗਈ ਦੱਸੀ ਜਾਂਦੀ ਹੈ। ਬੁਲਾਰੇ ਨੇ ਕਿਹਾ ਕਿ ਵਿਕਾਸ ਵਰਮਾ ਅਤੇ ਸੰਗੀਤਾ ਵਰਮਾ ਕੋਲ ਨਜਾਇਜ਼ ਪੈਸਿਆਂ ਨਾਲ ਖਰੀਦੀਆਂ ਜਾਇਦਾਦਾਂ ਤੋਂ ਆਉਂਦੇ ਕਿਰਾਏ ਤੋਂ ਇਲਾਵਾ ਆਮਦਨ ਦਾ ਹੋਰ ਕੋਈ ਕਾਨੂੰਨੀ ਸਰੋਤ ਨਹੀਂ ਹੈ। ਬੁਲਾਰੇ ਨੇ ਦੱਸਿਆ ਕਿ ਉਕਤ ਵਿਕਾਸ ਵਰਮਾ ਸਾਲ 2019-20 ਵਿੱਚ ਰੀਅਲ ਅਸਟੇਟ ਫਰਮਾਂ ‘ਬਾਲਾਜੀ ਇੰਫਰਾ ਬਿਲਡਟੈਕ’ ਅਤੇ ‘ਬਾਲਾਜੀ ਡਿਵੈਲਪਰਜ਼’ ਵਿੱਚ ਆਪਣੇ ਪਿਤਾ ਦੇ ਕਾਲੇ ਧਨ ਨੂੰ ਲਾਂਡਰਿੰਗ ਕਰਕੇ ਅਤੇ ਹੋਰਾਂ ਭਾਈਵਾਲਾਂ ਤੋਂ ਲਏ ਅਸੁਰੱਖਿਅਤ ਕਰਜ਼ਿਆਂ ਵਜੋਂ ਬੈਂਕ ਐਂਟਰੀਆਂ ਦਿਖਾ ਕੇ ਤੇ ਫਿਰ ਉਕਤ ਫਰਮਾਂ ਦੇ ਭਾਈਵਾਲਾਂ ਨੂੰ ਨਕਦੀ ਵਿੱਚ ਪੈਸੇ ਵਾਪਸ ਕਰ ਕੇ ਪੈਸੇ ਨੂੰ ਜਾਇਜ਼ ਬਣਾਉਣ ਦਾ ਢਕਵੰਜ ਕਰਦਾ ਸੀ। ਬੁਲਾਰੇ ਨੇ ਦੱਸਿਆ ਕਿ ਵਿਕਾਸ ਵਰਮਾ ਦੇ ਸਹਿ-ਦੋਸ਼ੀ ਸਾਥੀ ਸੰਜੀਵ ਕੁਮਾਰ, ਗੌਰਵ ਗੁਪਤਾ ਅਤੇ ਅਸ਼ੀਸ਼ ਸ਼ਰਮਾ, ਸਾਰੇ ਵਾਸੀ ਕੁਰਾਲੀ, ਪਲਾਟਾਂ ਦੀ ਵਿਕਰੀ ਲਈ ਪੁਰਾਣੇ ਸਮਝੌਤੇ ਤਿਆਰ ਕਰਕੇ ਅਤੇ ਰਿਹਾਇਸ਼ੀ ਕਲੋਨੀਆਂ ਨੂੰ ਗੁਪਤ ਤਰੀਕੇ ਨਾਲ ਰੈਗੂਲਰ ਕਰਵਾਉਣ ਲਈ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁਲਜ਼ਮ ਗੌਰਵ ਗੁਪਤਾ ਇਨ੍ਹਾਂ ਫਰਮਾਂ ਦਾ ਸੰਸਥਾਪਕ ਅਤੇ ਬਾਲਾਜੀ ਇੰਫਰਾ ਬਿਲਟੈੱਕ ਵਿੱਚ 80 ਫੀਸਦੀ ਹਿੱਸਾ ਰੱਖਣ ਵਾਲਾ ਪ੍ਰਮੁੱਖ ਭਾਈਵਾਲ ਸੀ, ਜਿਸ ਨੇ ਖਰੜ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਖਰੀਦਣ ਲਈ ਹੋਰਨਾਂ ਭਾਈਵਾਲਾਂ ਨਾਲ ਮਿਲ ਕੇ ਆਪਣੇ ਸ਼ੇਅਰਾਂ ਵਜੋਂ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਸੀ ਅਤੇ ਫਿਰ ਉਸਨੇ ਗੈਰ-ਕਾਨੂੰਨੀ ਢੰਗ ਨਾਲ ਇਸ ਜ਼ਮੀਨ ’ਤੇ ਰੈਗੂਲਰਾਈਜ਼ਡ ਰਿਹਾਇਸ਼ੀ ਕਲੋਨੀ ਬਣਾ ਲਈ ਸੀ। ਇਸ ਤੋਂ ਬਾਅਦ ਉਸ ਦਾ 15 ਫੀਸਦੀ ਹਿੱਸਾ ਆਖਰਕਾਰ ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਨੂੰ ਟਰਾਂਸਫਰ ਕਰ ਦਿੱਤਾ ਗਿਆ। ਬੁਲਾਰੇ ਨੇ ਕਿਹਾ ਕਿ ਸੰਜੀਵ ਕੁਮਾਰ, ਗੌਰਵ ਗੁਪਤਾ ਅਤੇ ਵਿਕਾਸ ਵਰਮਾ ਦੀ ਅਗਾਊਂ ਜ਼ਮਾਨਤ ਹਾਈ ਕੋਰਟ ਨੇ ਪਹਿਲਾਂ ਖਾਰਜ ਕਰ ਦਿੱਤੀ ਸੀ। ਇਸ ਤੋਂ ਇਲਾਵਾ, ਸੰਜੀਵ ਕੁਮਾਰ ਨੇ ਆਪਣੀ ਜ਼ਮਾਨਤ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ, ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ ਅਤੇ ਮੋਹਾਲੀ ਅਦਾਲਤ ਨੇ ਗੌਰਵ ਗੁਪਤਾ ਅਤੇ ਵਿਕਾਸ ਵਰਮਾ ਦੇ ਖਿਲਾਫ ਪੇਸ਼ੀਆਂ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਇੱਕ ਹੋਰ ਦੋਸ਼ੀ ਪਵਨ ਕੁਮਾਰ ਸ਼ਰਮਾ ਵਾਸੀ ਪੰਚਕੂਲਾ, ਜੋ ਕਿ ਇੱਕ ਕਲੋਨਾਈਜ਼ਰ ਹੈ, ਨੂੰ ਵੀ ਜੂਨ 2023 ਵਿੱਚ ਸਾਬਕਾ ਈ.ਓ ਗਿਰੀਸ਼ ਵਰਮਾ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪਵਨ ਕੁਮਾਰ ਸ਼ਰਮਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੁਡਾਲ ਕਲਾਂ, ਤਹਿਸੀਲ ਬਰੇਟਾ ਵਿਖੇ 25000 ਮੀਟਰਕ ਟਨ ਦੀ ਸਮਰੱਥਾ ਵਾਲੇ 5 ਏਕੜ ਜ਼ਮੀਨ ’ਤੇ ਸਥਿਤ ਇੱਕ ਖੁੱਲ੍ਹਾ ਪਲਿੰਥ (ਸਟੋਰੇਜ ਗੋਦਾਮ) ਨੂੰ ਵਾਹੀਯੋਗ ਜ਼ਮੀਨ ਵਜੋਂ ਵੇਚ ਕੇ ਗਿਰੀਸ਼ ਵਰਮਾ ਦੀਆਂ ਬੇਨਿਯਮੀਆਂ ਤੇ ਗੈਰ-ਕਾਨੂੰਨੀ ਗਤਵਿਧੀਆਂ ਵਿੱਚ ਮਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਪਵਨ ਕੁਮਾਰ ਜੋ ਕਿ ਐਮਸੀ ਜ਼ੀਰਕਪੁਰ ਦੇ ਖੇਤਰ ਵਿੱਚ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਸੀ, ਵੱਲੋਂ ਘੱਟ ਕੀਮਤ ਵਿੱਚ ਰਜਿਸਟਰਡ ਕਰਵਾਈ ਗਈ ਸੀ, ਜਿੱਥੇ ਗਿਰੀਸ਼ ਵਰਮਾ ਲੰਬੇ ਸਮੇਂ ਤੋਂ ਕਾਰਜਸਾਧਕ ਅਫਸਰ ਵਜੋਂ ਤਾਇਨਾਤ ਸੀ ਅਤੇ ਬਦਲੇ ਵਿੱਚ ਉਸ ਨੂੰ ਨਾਜਾਇਜ਼ ਲਾਭ ਦਿੱਤੇ ਸਨ।
ਆਮਦਨ ਤੋਂ ਵੱਧ ਸੰਪਤੀ ਸਬੰਧੀ ਕੇਸ : ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਦੇ ਫਰਾਰ ਸਾਥੀ ਗੌਰਵ ਗੁਪਤਾ ਨੂੰ ਕੀਤਾ ਗ੍ਰਿਫਤਾਰ


