ਜਲੰਧਰ, 16 ਮਈ : ਜਲੰਧਰ ਪੱਛਮੀ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਲਗਾਤਾਰ ਯਤਨਸ਼ੀਲ ਹਨ। ਇਸੇ ਲੜੀ ਵਿਚ ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਮੇਅਰ ਵਿਨੀਤ ਧੀਰ ਵੱਲੋਂ ਅੱਜ 97 ਲੱਖ ਰੁਪਏ ਦੀ ਲਾਗਤ ਨਾਲ ਗਾਖਲਾਂ ਪੁਲ ਤੋਂ ਲੈ ਕੇ ਬਾਬਾ ਬੁੱਢਾ ਜੀ ਪੁਲ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਗਿਆ।
ਸ਼੍ਰੀ ਭਗਤ ਨੇ ਕਿਹਾ ਕਿ 97 ਲੱਖ ਰੁਪਏ ਦੀ ਲਾਗਤ ਨਾਲ ਨਹਿਰ ਦੇ ਨਾਲ-ਨਾਲ ਬਣਨ ਵਾਲੀ ਇਹ ਸੜਕ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਬਣਾਈ ਜਾਵੇਗੀ ਅਤੇ ਸ਼ਹਿਰ ਦੀਆਂ ਸਭ ਤੋਂ ਖੂਬਸੂਰਤ ਸੜਕਾਂ ਵਿੱਚੋਂ ਇੱਕ ਹੋਵੇਗੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੜਕ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਵੇਗਾ ਅਤੇ ਇਹ ਸੜਕ ਤੈਅ ਮਾਪਦੰਡਾਂ ਅਨੁਸਾਰ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਸਮੇਂ-ਸਮੇਂ ‘ਤੇ ਸੜਕ ਦੇ ਕੰਮ ਦੀ ਨਿਗਰਾਨੀ ਕਰਦੇ ਰਹਿਣ ਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ 1300 ਕਿ.ਮੀ. ਨਵੀਆਂ ਸੜਕਾਂ ਬਣਾਈਆਂ ਗਈਆਂ ਹਨ ਜਦਕਿ 4000 ਕਿ.ਮੀ. ਸੜਕਾਂ ਦੀ ਮੁਰੰਮਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਛੋਟੇ ਅਤੇ ਘੱਟ ਆਬਾਦੀ ਵਾਲੇ ਪਿੰਡਾਂ ਨੂੰ ਵੀ ਸੜਕ ਸੁਵਿਧਾ ਪ੍ਰਦਾਨ ਕਰਨ ਲਈ ਖਾਸ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਕੌਂਸਲਰ ਮਨੀਸ਼ ਕਰਲੂਪੀਆ, ਕਮਲ ਲੋਚ, ਸੌਰਭ ਸੇਠ, ਪ੍ਰਿੰਸ ਸਿੰਘ, ਅਜੈ ਅਤੇ ਕਈ ਹੋਰ ਪਤਵੰਤੇ ਸੱਜਣ ਮੌਜੂਦ ਸਨ।