ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਰਿਵਾਰ ਸਮੇਤ ਸਕੂਲਾਂ ਵਿੱਚ ਦੀਵੇ ਜਗਾ ਕੇ ਲੋਕਾਂ ਨੂੰ ਸਿੱਖਿਆ ਰੂਪੀ ਜੋਤ ਜਗਾਉਣ ਦਾ ਸੱਦਾ ਦਿੱਤਾ

Amritsar Politics Punjab

ਜੰਡਿਆਲਾ ਗੁਰੂ, 2 ਨਵੰਬਰ –  ਹਰ ਸਾਲ ਦੀ ਤਰ੍ਹਾਂ  ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਦੀਵਾਲੀ ਮੌਕੇ ਸਰਕਾਰੀ ਸੀਨੀਅਰ ਸੈਕ: ਸਮਾਰਟ ਸਕੂਲ ਜੰਡਿਆਲਾ ਗੁਰੂ ਜਿੱਥੇ ਉਨ੍ਹਾਂ ਆਪਣੀ ਪੜ੍ਹਾਈ ਕੀਤੀ ਅਤੇ 17 ਸਾਲ ਪੜ੍ਹਾਇਆ ਵੀ ਹੈ, ਵਿਖੇ ਪਰਿਵਾਰ ਸਮੇਤ ਦੀਵਾ ਜਗਾਇਆ ਅਤੇ ਅਰਦਾਸ  ਕੀਤੀ ਕਿ ਇਹ ਵਿਦਿਆ ਦਾ ਮੰਦਿਰ ਇਸ ਤਰ੍ਹਾਂ ਹੀ ਸਭ ਦੀਆਂ ਜਿੰਦਗੀ ਵਿੱਚ ਰੌਸ਼ਨੀ ਕਰਦਾ ਰਹੇ।  ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਵਿੱਚ ਵਿਦਿਆ ਰੂਪੀ ਜੋਤ ਆਪਣੇ ਅੰਦਰ ਜਗਾਉਣ ਦੀ ਲੋੜ ਹੈ , ਤਾਂ ਹੀ ਸਾਡਾ ਸਮਾਜ ਤਰੱਕੀ ਕਰ ਸਕਦਾ ਹੈ। ਉਨ੍ਹਾਂ ਦੀਵਾਲੀ ਦੀ ਪੂਰਵ ਸੰਧਿਆ ਮੌਕੇ ਸਕੂਲ ਆਫ਼ ਅਮਿਨੇਂਸ, ਜੰਡਿਆਲਾ ਗੁਰੂ ਅਤੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਜੰਡਿਆਲਾ ਗੁਰੂ ਵਿਖੇ ਵੀ ਵਿਦਿਅਰਥੀਆਂ ਅਤੇ ਸਟਾਫ ਨਾਲ ਸਕੂਲਾਂ ਵਿੱਚ ਦੀਪਮਾਲਾ ਕੀਤੀ।     

 ਉਨ੍ਹਾਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਸਕੂਲ ਆਫ ਐਮੀਨੈਂਸ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੇ ਗਵਾਹ ਬਣਨਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕ੍ਰਾਂਤੀਕਾਰੀ ਫੈਸਲੇ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਆਈ.ਏ.ਐਸ. ਤੇ ਆਈ.ਪੀ.ਐਸ. ਵਰਗੀਆਂ ਉਚ ਪਦਵੀਆਂ ਤੇ ਪਹੁੰਚ ਸਕਣਗੇ । ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਆਮ ਵਿਅਕਤੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਹੀ ਤਰਜ਼ੀਹ ਦਿੰਦੇ ਸਨ ਪ੍ਰੰਤੂ ਮੌਜੂਦਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਇਤਿਹਾਸਕ ਉਪਰਾਲਿਆਂ ਸਦਕਾ ਅੱਜ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ ਵਿੱਚ ਵੱਡਾ ਇਜ਼ਾਫਾ ਹੋਇਆ ਹੈ ਅਤੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਹਰ ਪੱਖੋਂ ਮਾਤ ਦੇ ਰਹੇ ਹਨ।

ਉਨ੍ਹਾਂ ਇਸ ਮੌਕੇ ਹਾਜ਼ਰ ਸਕੂਲ ਦੇ ਅਧਿਆਪਕਾਂ ਨੂੰ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਦਿੱਤਾ ਜਾਵੇ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੱਡੀਆਂ ਮੱਲ੍ਹਾਂ ਮਾਰ ਕੇ ਆਪਣੇ ਸੂਬੇ ਤੇ ਸਕੂਲ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਸਕੂਲ ਆਫ ਐਮੀਨੈਂਸ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਤਰੀਕਿਆਂ ਨਾਲ ਉਚੇਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਜੋ ਕਿ ਇਸ ਗੱਲ ਦੀ ਗਵਾਹ ਹੈ ਕਿ ਸਰਕਾਰੀ ਸਕੂਲ ਆਉਣ ਵਾਲੇ ਸਮੇਂ ਦੌਰਾਨ ਦੇਸ਼ ਭਰ ਵਿੱਚ ਇੱਕ ਮਿਸਾਲ ਕਾਇਮ ਕਰਨਗੇ। ਇਸ ਮੌਕੇ ਉਨ੍ਹਾਂ ਦੇ ਮਾਤਾ ਸ੍ੀ ਮਤੀ ਸੁਰਿੰਦਰ ਕੌਰ, ਪਤਨੀ ਸ਼੍ਰੀ ਮਤੀ ਸੁਹਿੰਦਰ ਕੌਰ,ਸਤਿੰਦਰ ਸਿੰਘ, ਸੁੱਖਵਿੰਦਰ ਸੋਨੀ, ਸਰਬਜੀਤ ਸਿੰਘ ਡਿੰਪੀ , ਸੁਨੈਨਾ ਰੰਧਾਵਾ, ਪ੍ਰਿੰਸੀਪਲ ਕੁਲਦੀਪ ਸਿੰਘ, ਹੈਡ ਮਾਸਟਰ ਮਨਜੀਤ ਕੌਰ ਹਾਜਿਰ ਸਨ।

Leave a Reply

Your email address will not be published. Required fields are marked *