ਅਜਨਾਲਾ, 1 ਜਨਵਰੀ 2025-
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ, ਜੋ ਕਿ ਅੱਜ ਅਜਨਾਲਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਦੌਰੇ ਉੱਤੇ ਸਨ, ਨੇ ਜਦ ਬਲੜਵਾਲ ਡਰੇਨ ਉੱਤੇ ਚੜਨ ਲਈ ਦੋਵਾਂ ਪਾਸਿਆਂ ਤੋਂ ਆਰੇ ਕੱਚੇ ਰਸਤੇ ਵੇਖੇ ਤਾਂ ਉਹਨਾਂ ਨੇ ਤੁਰੰਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਕੱਚੇ ਰਸਤੇ ਆਉਂਦੇ ਇਕ ਦੋ ਦਿਨਾਂ ਵਿੱਚ ਪੱਕੇ ਕਰਨ ਦੀ ਹਦਾਇਤ ਕੀਤੀ। ਉਨਾਂ ਨੇ ਇਸ ਮੌਕੇ ਗੰਨੇ ਦੀ ਭਰੀ ਹੋਈ ਟਰਾਲੀ, ਜਿਸ ਨੂੰ ਉਕਤ ਪੁਲ ਉੱਤੇ ਚੜਾਉਣ ਲਈ ਇਕ ਕਿਸਾਨ ਵੱਲੋਂ ਜ਼ੋਰ ਜਮਾਈ ਕੀਤੀ ਜਾ ਰਹੀ ਸੀ, ਨੂੰ ਵੇਖਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਰਸਤੇ ਕਿਸਾਨਾਂ ਨੇ ਗੰਨਾ ਢੋਣ ਲਈ ਵਰਤਣਾ ਹੈ ਅਤੇ ਰਸਤੇ ਕੱਚੇ ਹੋਣ ਕਾਰਨ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਅਜਿਹੀ ਗਲਤੀ ਭਵਿੱਖ ਵਿੱਚ ਨਾ ਕੀਤੀ ਜਾਵੇ ਕਿ ਪੁਲ ਬਣ ਜਾਵੇ ਅਤੇ ਉਸਦੇ ਰਸਤੇ ਕੱਚੇ ਹੋਣ। ਉਹਨਾਂ ਕਿਹਾ ਕਿ ਜਦੋਂ ਲੋਕਾਂ ਦਾ ਪੈਸਾ ਕਿਸੇ ਕੰਮ ਉੱਤੇ ਲੱਗਦਾ ਹੈ ਤਾਂ ਉਸਦਾ ਸੁੱਖ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਨਾ ਕਿ ਉਹਨਾਂ ਦੀ ਜਿੰਦਗੀ ਫਿਰ ਉਸੇ ਤਰ੍ਹਾਂ ਦਿੱਕਤਾਂ ਵਿੱਚ ਪਈ ਰਹਿਣੀ ਚਾਹੀਦੀ ਹੈ।