ਸ੍ਰੀ ਅਨੰਦਪੁਰ ਸਾਹਿਬ 02 ਫਰਵਰੀ ()
ਹੋਲਾ ਮਹੱਲਾਂ ਦੀਆਂ ਅਗਾਓ ਤਿਆਰੀਆਂ ਸੁਰੂ ਹੋ ਗਈਆਂ ਹਨ। ਕੀਰਤਪੁਰ ਸਾਹਿਬ ਵਿਚ 10 ਤੋ 12 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 13 ਤੋ 15 ਮਾਰਚ ਤੱਕ ਹੋਲਾ ਮਹੱਲਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿੱਥੇ ਲੱਖਾਂ ਸੰਗਤਾਂ ਪਹੁੰਚਦੀਆਂ ਹਨ, ਇਸ ਲਈ ਮੇਲਾ ਖੇਤਰ ਦੀ ਵਿਆਪਕ ਸਫਾਈ ਦੀ ਮੁਹਿੰਮ ਸੁਰੂ ਹੋ ਗਈ ਹੈ।
ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਹਿਮਾਸ਼ੂ ਜੈਨ ਆਈ.ਏ.ਐਸ ਵੱਲੋਂ ਹੋਲਾ ਮਹੱਲਾ ਦੀਆਂ ਅਗਾਓ ਤਿਆਰੀਆਂ ਲਈ ਕੀਤੀਆ ਮੀਟਿੰਗਾਂ ਵਿੱਚ ਜਾਰੀ ਕੀਤੇ ਨਿਰਦੇਸ਼ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਗਰ ਕੋਂਸਲ ਤੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਸਫਾਈ ਮੁਹਿੰਮ ਸੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਡਰੇਨਾਂ ਤੇ ਸੀਵਰ ਦੀ ਸਫਾਈ, ਕੂੜੇ ਦੀ ਡੰਪਿੰਗ ਨੂੰ ਯਕੀਨੀ ਬਣਾਇਆ ਗਿਆ ਹੈ। ਪੀ.ਐਮ.ਆਈ.ਡੀ.ਸੀ ਤੋਂ ਵਿਸੇਸ਼ ਸਮੱਗਰੀ ਮੰਗਵਾਈ ਜਾ ਰਹੀ ਹੈ, ਫਾਇਰ ਟੈਂਡਰ ਮੇਲੇ ਦੌਰਾਨ ਵਿਸੇਸ਼ ਤੌਰ ਤੇ ਤੈਨਾਤ ਹੋਣਗੇ। ਸੀਵਰਮੈਨ ਡਰੇਨਾ ਤੇ ਸੀਵਰ ਦੀ ਸਫਾਈ ਕਰ ਰਹੇ ਹਨ, ਨਗਰ ਕੋਂਸਲਾਂ ਵੱਲੋਂ ਗਿੱਲੇ ਤੇ ਸੁੱਕੇ ਕੂੜੇ ਦਾ ਵਿਸੇਸ਼ ਪ੍ਰਬੰਧਨ ਕੀਤਾ ਜਾ ਰਿਹਾ ਹੈ।
ਕਾਰਜਕਾਰੀ ਇੰਜੀਨਿਅਰ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਹਰਜੀਤਪਾਲ ਤੇ ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ ਨੇ ਦੱਸਿਆ ਕਿ ਸਮੁੱਚਾ ਮੇਲਾ ਖੇਤਰ ਕੀਰਤਪੁਰ ਸਾਹਿਬ ਵਿੱਚ ਦੋ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 11 ਸੈਕਟਰਾਂ ਵਿਚ ਵੰਡਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਸੈਕਟਰ ਵਿਚ ਸੈਨੇਟਰੀ ਇੰਸਪੈਕਟ ਤੇ ਨੋਡਲ ਅਫਸਰ ਤੈਨਾਤ ਹੋਣਗੇ। ਗੰਦੇ ਪਾਣੀ ਦੀ ਨਿਕਾਸੀ ਤੇ ਸਫਾਈ ਦੀ ਢੁਕਵੀ ਵਿਵਸਥਾ ਹੋਵੇਗੀ। ਬਦਲਵੇ ਰਹੇ ਮੌਸਮ ਕਾਰਨ ਦਵਾਈ ਦਾ ਛਿੜਕਾਓ, ਫੋਗਿੰਗ, ਪਾਣੀ ਦੇ ਛਿੜਕਾਓ ਦੀ ਵਿਸੇਸ਼ ਵਿਵਸਥਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਲੰਗਰਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਜਾਵੇਗੀ ਕਿ ਉਹ ਕੂੜਾ ਪ੍ਰਬੰਧਨ ਵਿਚ ਸਹਿਯੋਗ ਦੇਣ, ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਸਟੋਰੇਜ਼ ਕਰਕੇ ਉਸ ਨੂੰ ਨਗਰ ਕੋਂਸਲ ਦੀ ਗੱਡੀਆਂ ਤੋ ਚੁਕਵਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਬਾਹਰੋ ਬਹੁਤ ਸਾਰੇ ਸਫਾਈ ਕਰਮਚਾਰੀ ਬੁਲਾਏ ਜਾ ਰਹੇ ਹਨ, ਸਮੁੱਚੇ ਮੇਲਾ ਖੇਤਰ ਦੀ ਸਾਫ ਸਫਾਈ ਨੂੰ ਅਗਾਓ ਸੁਰੂ ਕਰਵਾ ਦਿੱਤਾ ਹੈ। ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸਾਫ ਸੁਥਰਾ ਵਾਤਾਵਰਣ ਮੁਹੱਇਆ ਕਰਵਾਇਆ ਜਾਵੇਗਾ। ਮੇਲਾ ਅਫਸਰ ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ।