ਅਬੋਹਰ (ਫਾਜ਼ਿਲਕਾ) 6 ਜੂਨ
ਨਗਰ ਨਿਗਮ ਅਬੋਹਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਵਿੱਚ ਸਪਲਾਈ ਕੀਤੇ ਜਾਂਦੇ ਪੀਣ ਦੇ ਪਾਣੀ ਦੀ ਦੁਰਵਰਤੋਂ ਨਾ ਕਰਨ। ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਕਿਹਾ ਕਿ ਪਾਣੀ ਬੇਸ਼ਕੀਮਤੀ ਹੈ ਅਤੇ ਇਸ ਦੀ ਕਿਸੇ ਵੀ ਤਰੀਕੇ ਨਾਲ ਦੁਰਵਰਤੋਂ ਜਾਂ ਇਸਨੂੰ ਅਜਾਈ ਨਾ ਗਵਾਇਆ ਜਾਵੇ। ਉਹਨਾਂ ਨੇ ਅਪੀਲ ਕੀਤੀ ਕਿ ਘਰ ਵਿੱਚ ਖੁੱਲੀ ਟੂਟੀ ਨਾ ਛੱਡੋ ਅਤੇ ਟੈਂਕੀ ਓਵਰਫਲੋ ਹੋਣ ਤੇ ਤੁਰੰਤ ਪਾਣ. ਬੰਦ ਕੀਤਾ ਜਾਵੇ। ਇਸੇ ਤਰਾਂ ਉਹਨਾਂ ਕਿਹਾ ਕਿ ਮੋਟਰ ਗੱਡੀਆਂ ਗਲੀਆਂ ਵਿੱਚ ਜਾਂ ਘਰਾਂ ਵਿੱਚ ਪੀਣ ਵਾਲੇ ਪਾਣੀ ਨਾਲ ਨਾ ਧੋਤੀਆਂ ਜਾਣ, ਫਰਸ਼ ਧੋਣਾ ਜਾਂ ਪਾਣੀ ਦਾ ਗਲੀ ਵਿੱਚ ਜਾਂ ਸੜਕ ਤੇ ਛਿੜਕਾ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਵਰਤੋਂ ਕੇਵਲ ਪਾਣੀ ਪੀਣ ਲਈ ਹੀ ਕੀਤੀ ਜਾਵੇ। ਜੇਕਰ ਕੋਈ ਵਿਅਕਤੀ ਜਾਂ ਖਪਤਕਾਰ ਇਹਨਾਂ ਹੁਕਮਾਂ ਦੀ ਪਾਲਨਾ ਨਾ ਕਰਦੇ ਹੋਏ ਪਾਣੀ ਦੀ ਦੁਰਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਪਾਸੋਂ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਪਹਿਲੀ ਵਾਰ ਰੁਪਏ 1000 ਰੁਪਏ ਜੁਰਮਾਨਾ, ਦੂਜੀ ਵਾਰ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਤੀਸਰੀ ਵਾਰ ਪਾਣੀ ਦੀ ਦੁਰਵਰਤੋਂ ਕਰਨ ਤੇ ਖਪਤਕਾਰ ਨੂੰ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਉਸ ਦੇ ਨਾਲ ਹੀ ਉਸਦੇ ਘਰ ਜਾਂ ਅਦਾਰੇ ਦੇ ਪੀਣ ਵਾਲੇ ਪਾਣੀ ਦਾ ਕਨੈਕਸ਼ਨ ਬੰਦ ਕਰ ਦਿੱਤਾ ਜਾਵੇਗਾ। ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਬਹੁਤ ਕੀਮਤੀ ਹੈ ਅਤੇ ਹਰ ਕੋਈ ਇਸ ਦੀ ਬੱਚਤ ਕਰਨ ਵਿੱਚ ਆਪਣਾ ਸਹਿਯੋਗ ਕਰੇ ਅਤੇ ਪੀਣ ਵਾਲੇ ਪਾਣੀ ਦੀ ਵਰਤੋਂ ਗੱਡੀਆਂ ਧੋਣ ਜਾਂ ਫਰਸ਼ਾਂ ਧੋਣ ਜਾਂ ਗਲੀਆਂ ਵਿੱਚ ਛਿੜਕਾ ਕਰਨ ਲਈ ਕਿਸੇ ਵੀ ਹਾਲਤ ਵਿੱਚ ਨਾ ਕੀਤੀ ਜਾਵੇ।
ਸਾਵਧਾਨ! ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਨ ਤੇ ਹੋਵੇਗਾ ਜੁਰਮਾਨਾ


