ਫਾਜਿਲਕਾ 7 ਮਾਰਚ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਢੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਪੁਲਿਸ ਵੱਲੋਂ ਸੰਪਰਕ ਅਭਿਆਨ ਦੇ ਤਹਿਤ ਕੌਮਾਂਤਰੀ ਸਰਹੱਦ ਦੇ ਨੇੜੇ ਵਸੇ ਪਿੰਡ ਆਲਮ ਸ਼ਾਹ ਵਿਖੇ ਇੱਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਆਈ ਜੀ ਬਲਜੋਤ ਸਿੰਘ ਰਾਠੌੜ ਨੇ ਕੀਤੀ । ਜ਼ਿਲ੍ਹੇ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਵੀ ਵਿਸ਼ੇਸ਼ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਪਹੁੰਚੇ ।
ਇਹ ਪਿੰਡ ਆਲਮ ਸ਼ਾਹ ਕੌਮਾਂਤਰੀ ਸਰਹੱਦ ਦੇ ਨੇੜੇ ਵਸਿਆ ਅਜਿਹਾ ਪਿੰਡ ਹੈ ਜਿੱਥੇ ਪਿਛਲੇ ਕਈ ਸਾਲਾਂ ਤੋਂ ਕਿਸੇ ਵੀ ਪਿੰਡ ਵਾਸੀ ਦੇ ਖਿਲਾਫ ਨਸ਼ੇ ਤਸਕਰੀ ਸਬੰਧੀ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਜਿਸ ਕਰਕੇ ਇਸ ਨੂੰ ਨਸ਼ਾ ਮੁਕਤ ਪਿੰਡ ਦਾ ਖਿਤਾਬ ਦਿੱਤਾ ਗਿਆ ਹੈ। ਇਸ ਲਈ ਵਿਸ਼ੇਸ਼ ਤੌਰ ਤੇ ਅੱਜ ਦੇ ਇਸ ਸਮਾਗਮ ਦੌਰਾਨ ਪਿੰਡ ਦੀ ਮੌਜੂਦਾ ਪੰਚਾਇਤ ਦੇ ਨਾਲ ਨਾਲ ਪਹਿਲਾਂ ਦੇ ਪੰਚਾਂ ਸਰਪੰਚਾਂ ਨੂੰ ਵੀ ਜ਼ਿਲ੍ਹਾ ਪੁਲਿਸ ਵੱਲੋਂ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੁਲਿਸ ਵੱਲੋਂ ਵਿੱਢੀ ਇਸ ਮੁਹਿੰਮ ਵਿੱਚ ਲੋਕਾਂ ਦਾ ਸਾਥ ਮਿਲ ਰਿਹਾ ਹੈ। ਉਨਾਂ ਨੇ ਇਸ ਮੌਕੇ ਪਹੁੰਚੇ ਆਸ ਪਾਸ ਦੇ ਪਿੰਡਾਂ ਦੇ ਸਰਪੰਚਾਂ ਨੂੰ ਇਸ ਮੁਹਿੰਮ ਵਿੱਚ ਜੋਰਦਾਰ ਭਾਗੀਦਾਰੀ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਲੋਕ ਮਾੜੇ ਅਨਸਰਾਂ ਸਬੰਧੀ ਸੂਚਨਾਵਾਂ ਦੇਣ ਲਈ ਅੱਗੇ ਆ ਰਹੇ ਹਨ ਅਤੇ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾ ਰਹੀ ਹੈ। ਉਨਾਂ ਨੇ ਇਸ ਮੌਕੇ ਪਿੰਡ ਵਿੱਚ 30 ਲੱਖ ਰੁਪਏ ਦੀ ਲਾਗਤ ਨਾਲ ਖੇਡ ਗਰਾਊਂਡ ਅਤੇ 5 ਲੱਖ ਰੁਪਏ ਦੀ ਲਾਗਤ ਨਾਲ ਬਾਲੀਵਾਲ ਗਰਾਊਂਡ ਬਣਾਉਣ ਦੇ ਐਲਾਨ ਕੀਤਾ । ਉਨਾਂ ਨੇ ਇਹ ਵੀ ਕਿਹਾ ਕਿ ਨੇੜਲੇ ਪਿੰਡ ਅਮਰਪੁਰਾ ਵਿੱਚ ਵੀ 5 ਲੱਖ ਰੁਪਏ ਨਾਲ ਵਾਲੀਬਾਲ ਗਰਾਊਂਡ ਬਣਾਇਆ ਜਾਵੇਗਾ। ਉਨਾਂ ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਸਾਰੇ ਪਿੰਡਾਂ ਵਿੱਚ ਖੇਡ ਗਰਾਊਂਡ ਬਣਾਏ ਜਾ ਰਹੇ ਹਨ।
ਇਸ ਮੌਕੇ ਬੋਲਦਿਆਂ ਆਈਜੀ ਬਲਜੋਤ ਸਿੰਘ ਰਾਠੌੜ ਨੇ ਕਿਹਾ ਕਿ ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕੋਈ ਅਜਿਹੇ ਵਿਅਕਤੀਆਂ ਦੀ ਸਿਫਾਰਿਸ਼ ਕਰੇਗਾ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਦੁਸ਼ਮਣ ਦੇਸ਼ ਵੱਲੋਂ ਚੱਲੀਆਂ ਜਾ ਰਹੀਆਂ ਚਾਲਾਂ ਨੂੰ ਨਾਕਾਮ ਕੀਤਾ ਜਾਵੇਗਾ। ਉਹਨਾਂ ਨੇ ਲੋਕਾਂ ਤੋਂ ਮਿਲ ਰਹੇ ਸਹਿਯੋਗ ਲਈ ਜਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਸੰਬੋਧਨ ਵਿੱਚ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਨਸ਼ਾ ਤਸਕਰੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਚਾਇਤਾਂ ਦੀ ਭੂਮਿਕਾ ਸਲਾਘਾਯੋਗ ਹੈ ਅਤੇ ਲੋਕ ਪੁਲਿਸ ਨੂੰ ਸੂਚਨਾਵਾਂ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਵਿਚ ਚੰਗਾ ਕੰਮ ਕਰਨ ਵਾਲੀਆਂ ਪੰਚਾਇਤਾਂ ਦਾ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਪਿੰਡ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਦੋ ਖਿਡਾਰਨਾਂ ਤ੍ਰਿਸ਼ਾ ਕੰਬੋਜ ਅਤੇ ਅਮਾਨਤ ਕੰਬੋਜ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪਿੰਡ ਆਲਮ ਸ਼ਾਹ ਤੋਂ ਇਲਾਵਾ ਨੇੜੇ ਦੀਆਂ ਪੰਚਾਇਤਾਂ ਨੂੰ ਵੀ ਚੰਗੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ।
ਸਮਾਜ ਸੇਵੀ ਸ੍ਰੀ ਸੰਜੀਵ ਮਾਰਸ਼ਲ ਨੇ ਇਲਾਕੇ ਦੇ ਲੋਕਾਂ ਨੂੰ ਬੱਚਿਆਂ ਦੀ ਸਖਸੀਅਤ ਉਸਾਰੀ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਉਣ ਸਬੰਧੀ ਨੁਕਤੇ ਸਾਂਝੇ ਕੀਤੇ ਗਏ। ਇਸ ਮੌਕੇ 22 ਮਾਰਚ ਨੂੰ ਫਾਜ਼ਿਲਕਾ ਤੋਂ ਹੁਸੈਨੀਵਾਲਾ ਤੱਕ ਕੱਢੀ ਜਾ ਰਹੀ ਯੁਵਾ ਚੇਤਨਾ ਯਾਤਰਾ ਦਾ ਪੋਸਟਰ ਵੀ ਰਲੀਜ ਕੀਤਾ ਗਿਆ।
ਇਸ ਮੌਕੇ ਐਸਪੀ ਰਵਨੀਸ਼ ਚੌਧਰੀ, ਡੀਐਸਪੀ ਤਰਸੇਮ ਮਸੀਹ, ਐਸਐਚਓ ਸਦਰ ਸ਼ਿਮਲਾ ਰਾਣੀ, ਚੇਅਰਮੈਨ ਪਰਮਜੀਤ ਸਿੰਘ ਨੂਰਸਾਹ, ਸਮਾਜ ਸੇਵੀ ਸੁਖਵਿੰਦਰ ਥਿੰਦ ਤੋਂ ਇਲਾਵਾ ਪਿੰਡ ਦੀ ਸਮੁੱਚੀ ਪੰਚਾਇਤੀ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਵੀ ਹਾਜ਼ਰ ਸਨ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ।
ਫਾਜ਼ਿਲਕਾ ਜ਼ਿਲ੍ਹਾ ਪੁਲਿਸ ਵੱਲੋਂ ਪਿੰਡ ਆਲਮ ਸ਼ਾਹ ਵਿਖੇ ਸੰਪਰਕ ਪ੍ਰੋਜੈਕਟ ਤਹਿਤ ਜਾਗਰੂਕਤਾ ਸਮਾਗਮ


