19 ਕਰੋੜ ਰੁਪਏ ਦੀ ਲਾਗਤ ਨਾਲ ਘਨੌਰ ਖੇਤਰ ਦੀਆਂ ਸੜਕਾਂ ਦੀ ਕੀਤੀ ਜਾਵੇਗੀ ਕਾਇਆ ਕਲਪ : ਡਾ. ਬਲਬੀਰ ਸਿੰਘ

Patiala Politics Punjab


ਘਨੌਰ/ਰਾਜਪੁਰਾ/ਪਟਿਆਲਾ, 19 ਜਨਵਰੀ:
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਘਨੌਰ ਖੇਤਰ ਦੀਆਂ ਸੜਕਾਂ ‘ਤੇ ਕਰੀਬ 19 ਕਰੋੜ ਰੁਪਏ ਖਰਚੇ ਜਾਣਗੇ। ਇਹ ਪ੍ਰਗਟਾਵਾਂ ਉਨ੍ਹਾਂ ਸਰਾਲਾ ਹੈੱਡ ਦਾ ਦੌਰਾ ਕਰਦਿਆਂ ਸੜਕਾਂ ਦੀ ਹਾਲਤ ਦਾ ਜਾਇਜ਼ਾ ਲੈਂਦਿਆ ਕੀਤਾ। ਇਸ ਮੌਕੇ ਉਨ੍ਹਾਂ ਪੀ.ਡਬਲਿਊ.ਡੀ, ਪੰਜਾਬ ਮੰਡੀ ਬੋਰਡ, ਪੰਚਾਇਤੀ ਰਾਜ ਤੇ ਬੀ.ਐਮ.ਐਲ ਦੇ ਅਧਿਕਾਰੀਆਂ ਨੂੰ ਆਪਣੇ ਅਧੀਨ ਪੈਂਦੀਆਂ ਸੜਕਾਂ ਤੇ ਪੁਲਾਂ ਦੀ ਮੁਰੰਮਤ ਦੇ ਕੰਮ ‘ਚ ਤੇਜ਼ੀ ਲਿਆਉਣ ਦੀ ਹਦਾਇਤ ਵੀ ਕੀਤੀ।
ਸਿਹਤ ਮੰਤਰੀ ਨੇ ਦੱਸਿਆ ਕਿ ਊਂਟਸਰ ਤੋਂ ਲੋਹਸਿੰਬਲੀ ਵਾਲੀ 5.44 ਕਿਲੋਮੀਟਰ ਸੜਕ ‘ਤੇ 6 ਕਰੋੜ 28 ਲੱਖ ਰੁਪਏ, ਅੰਬਾਲਾ ਤੋਂ ਪਟਿਆਲਾ ਆਉਣ ਵਾਲੀ ਕਪੂਰੀ-ਲੋਹਸਿੰਬਲੀ ਵਾਲੀ 17.50 ਕਿਲੋਮੀਟਰ ਲੰਬੀ ਸੜਕ ‘ਤੇ ਕਰੀਬ 12 ਕਰੋੜ ਰੁਪਏ, ਸਰਾਲਾ ਕਲਾਂ ਤੋਂ ਹਰਿਆਣਾ ਬਾਰਡਰ ਨਾਲ ਲੱਗਦੀ ਲਿੰਕ ਸੜਕ ਦੇ 1.13 ਕਿਲੋਮੀਟਰ ਨੂੰ ਬਣਾਉਣ ‘ਤੇ 1.15 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਨੂੰ ਮਿਥੇ ਸਮੇਂ ‘ਚ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ।  ਇਸ ਮੌਕੇ ਉਨ੍ਹਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡ ਸਰਾਲਾ ਕਲਾਂ ਦੇ ਟੋਭੇ ਨੂੰ ਡੂੰਘਾ ਕਰਨ ਲਈ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਸਰਵਪੱਖੀ ਵਿਕਾਸ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਡਾ. ਬਲਬੀਰ ਸਿੰਘ ਨੇ ਪੀ.ਡਬਲਿਊ.ਡੀ ਵਿਭਾਗ ਨੂੰ ਫਿੱਕੀਆਂ ਪੈ ਚੁੱਕੀਆਂ ਸੜਕਾਂ ਦੀਆਂ ਚਿੱਟੀਆਂ ਪੱਟੀਆਂ ਨੂੰ ਤੁਰੰਤ ਦੁਬਾਰਾ ਲਗਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਧੁੰਦ ਦੇ ਮੌਸਮ ਵਿੱਚ ਚਿੱਟੀ ਪੱਟੀ ਨਾ ਹੋਣ ਕਾਰਨ ਸੜਕੀ ਹਾਦਸੇ ਹੋਣ ਦਾ ਖਤਰਾਂ ਰਹਿੰਦਾ ਹੈ, ਇਸ ਲਈ ਜਿਹੜੀਆਂ ਸੜਕਾਂ ‘ਤੇ ਚਿੱਟੀਆਂ ਪੱਟੀਆਂ ਨਹੀਂ ਹਨ, ਉਥੇ ਤੁਰੰਤ ਲਗਵਾਈਆਂ ਜਾਣ।
ਇਸ ਮੌਕੇ ਐਸ.ਪੀ. ਰਾਜੇਸ਼ ਛਿੱਬਰ, ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ, ਐਸ.ਡੀ.ਐਮ. ਦੁਧਨਸਾਧਾਂ ਕ੍ਰਿਪਾਲਬੀਰ ਸਿੰਘ, ਐਕਸੀਅਨ ਨਵੀਨ ਮਿੱਤਲ, ਡੀ.ਡੀ.ਪੀ.ਓ ਸ਼ਵਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *