ਜਿਲ੍ਹਾ ਪ੍ਰਸ਼ਾਸਨ ਦੀ ਇਕ ਹੋਰ ਨਿਵੇਕਲੀ ਪਹਿਲਕਦਮੀ

Politics Punjab

ਅੰਮ੍ਰਿਤਸਰ 30 ਦਸੰਬਰ 2024—

          ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਨੇ ਇਕ ਹੋਰ ਨਿਵੇਕਲੀ ਪਹਿਲਕਦਮੀ ਕਰਦਿਆਂ ਹੋਇਆਂ ਗ੍ਰੈਜੁਏਟ ਜਾਂ ਹਾਲ ਵਿੱਚ ਹੀ ਗ੍ਰੈਜੁਏਟ ਹੋਏ ਨੌਜਵਾਨਾਂ ਨੂੰ ਪੇਸ਼ੇਵਰ ਬਣਾਉਣ ਲਈ ਇਕ ਯੂਥ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜਿਸ ਦੀ ਅਰਜੀਆਂ ਮੰਗਣ ਦੀ ਆਖਿਰੀ ਮਿਤੀ 5 ਜਨਵਰੀ 2024 ਨਿਸਚਿਤ ਕੀਤੀ ਗਈ ਹੈ।

          ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਨੌਜਵਾਨਾਂ ਨੂੰ ਵੱਖ-ਵੱਖ ਵਿਕਾਸ ਅਤੇ ਪ੍ਰਸ਼ਾਸਕੀ ਪ੍ਰੋਜੈਕਟਾਂ ਤੇ ਕੰਮ ਕਰਨ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਨੌਜਵਾਨ ਜਿਲ੍ਹੇ ਦੀ ਪ੍ਰਗਤੀ ਵਿੱਚ ਆਪਣਾ ਅਰਥਪੂਰਨ ਯੋਗਦਾਨ ਪਾ ਸਕਣ। ਉਨਾਂ ਦੱਸਿਆ ਕਿ ਬਿਨੈਕਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਵਿਚੋਂ ਗ੍ਰੈਜੁਏਟ (ਇਕ ਸਾਲ ਤੋਂ ਵੱਧ ਨਹੀਂ) ਹੋਣਾ ਚਾਹੀਦਾ ਅਤੇ ਬਿਨੈਕਾਰ ਦੀ ਉਮਰ ਇਕ ਜਨਵਰੀ 2025 ਤੱਕ 21 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬਿਨੈਕਾਰ ਨੂੰ ਡਾਟਾ ਵਿਸ਼ਲੇਸ਼ਨ, ਪ੍ਰੋਜੈਕਟ ਪ੍ਰਬੰਧਨ, ਸੰਚਾਰ ਹੁਨਰ, ਪੰਜਾਬੀ , ਹਿੰਦੀ ਅਤੇ ਅੰਗਰੇਜ਼ੀ ਵਿੱਚ ਮੁਹਾਰਤ, ਐਮ.ਐਸ. ਆਫਿਸ ਟੂਲਜ਼ ਅਤੇ ਸ਼ੋਸ਼ਲ ਮੀਡੀਆ ਵਿੱਚ ਗਿਆਨ, ਹੋਣਾ ਜ਼ਰੂਰੀ ਹੈ। ਉਨਾਂ ਦੱਸਿਆ ਕਿ ਇਹ ਨੌਜਵਾਨ ਸਰਕਾਰ ਵਲੋਂ ਚਲਾਏ ਜਾਂਦੇ ਵਿਕਾਸ ਅਤੇ ਪ੍ਰਬੰਧਕੀ ਪ੍ਰੋਜੈਕਟਾਂ ਨੂੰ ਡਿਜਾਇਨ ਕਰਨ ਅਤੇ ਲਾਗੂ ਕਰਨ, ਡਾਟਾ ਇਕੱਠਾ ਕਰਨ ਅਤੇ ਫੈਸਲੇ ਲੈਣ ਦੀਆਂ ਪ੍ਰੀਕ੍ਰਿਆਵਾਂ ਵਿੱਚ ਸਹਾਇਤਾ ਲਈ ਰਿਪੋਰਟਾਂ ਤਿਆਰ ਕਰਨਗੇ ਅਤੇ ਵਰਕਸ਼ਾਪਾਂ, ਸਿਖਲਾਈ ਸ਼ੈਸਨਾਂ ਅਤੇ ਭਾਈਚਾਰਕ ਸ਼ਮੂਲੀਅਤ ਦੀਆਂ ਗਤੀਵਿਧੀਆਂ ਦਾ ਆਯੋਜਨ ਵੀ ਕਰਨਗੇ।

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਰ੍ਹਾਂ ਨੋਜਵਾਨਾਂ ਵਿਚ ਆਤਮ-ਵਿਸ਼ਵਾਸ਼ ਦੀ ਭਾਵਨਾ ਵਧੇਗੀ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਹੱਥੀ ਅਨੁਭਵ ਵੀ ਮਿਲੇਗਾ। ਉਨਾਂ ਦੱਸਿਆ ਕਿ ਤਿੰਨ ਮਹੀਨੇ ਦਾ ਕੋਰਸ ਕਰਨ ਉਪਰੰਤ ਨੌਜਵਾਨਾਂ ਨੂੰ ਡਿਪਟੀ ਕਮਿਸ਼ਨਰ ਵਲੋਂ ਹਸਤਾਖਰ ਕੀਤਾ ਗਿਆ ਸਰਟੀਫਿਕੇਟ ਵੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਚੁਣੇ ਜਾਣ ਦੀ ਪ੍ਰਕਿਰਿਆ ਦੋ ਪੜਾਵਾਂ ਵਿਚ ਪੂਰੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਸ਼ੁਰੂਆਤੀ ਸਕਰੀਨਿੰਗ ਦੌਰਾਨ ਮਾਪਦੰਡਾਂ ਦੇ ਆਧਾਰ ਤੇ ਬਿਨੈਕਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਅਤੇ ਇਸ ਉਪਰੰਤ ਉਨਾਂ ਦੀ ਇੰਟਰਵਿਊ ਕੀਤੀ ਜਾਵੇਗੀ। ਉਨਾਂ ਕਿਹਾ ਕਿ ਚੋਣ ਪ੍ਰਕਿਰਿਆ ਲਈ ਕੋਈ ਚੋਣ ਭੱਤਾ ਨਹੀਂ ਦਿੱਤਾ ਜਾਵੇਗਾ ਅਤੇ ਜਿਲ੍ਹਾ ਪ੍ਰਸ਼ਾਸਨ ਦਾ ਫੈਸਲਾ ਅੰਤਮ ਹੋਵੇਗਾ। ਉਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਆਪਣੀ ਮਰਜੀ ਅਨੁਸਾਰ ਇਸ ਪ੍ਰੋਗਰਾਮ ਨੂੰ ਬੰਦ ਵੀ ਕਰ ਸਕਦਾ ਹੈ।

ਉਨਾਂ ਦੱਸਿਆ ਕਿ ਬਿਨੈਕਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਪਬਲਿਕ ਪਾਲਿਸੀ, ਸ਼ੋਸ਼ਲ ਸਾਇੰਸ, ਇੰਜੀਨੀਅਰਿੰਗ, ਵਾਤਾਵਰਨ, ਪ੍ਰਬੰਧਨ, ਡਾਟਾ ਵਿਸ਼ਲੇਸ਼ਨ, ਕਾਨੂੰਨ, ਮੀਡੀਆ, ਸਿਹਤ ਵਿਗਿਆਨ ਅਤੇ ਹੋਰ ਵਿੱਚ ਗ੍ਰੈਜੁਏਟ ਹੋਣਾ ਜ਼ਰੂਰੀ ਹੈ। ਉਨਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਈਮੇਲ  bhumika.shivhare9@punjab.gov.in ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਐਪਲੀਕੇਸ਼ਨ ਲਿੰਕ https://forms.gle/V4fiZbB9DayfX85q9 ਤੇ ਜਾ ਕੇ ਫਾਰਮ ਭਰਿਆ ਜਾ ਸਕਦਾ ਹੈ।

Leave a Reply

Your email address will not be published. Required fields are marked *