ਅੰਮ੍ਰਿਤਸਰ, 8 ਜਨਵਰੀ ( )-ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਅੱਜ ਆਪਣੇ ਹਲਕੇ ਦੇ ਪਿੰਡ ਚੇਤਨਪੁਰਾ ਵਿਖੇ ਕਰਵਾਏ ਜਾਣ ਵਾਲੇ ਕੰਮਾਂ ਦਾ ਜਾਇਜ਼ਾ ਲੈਣ ਤੇ ਪਿੰਡ ਦੇ ਮੋਹਤਬਰਾਂ ਨਾਲ ਵਿਚਾਰ-ਚਰਚਾ ਕਰਨ ਲਈ ਵਿਸ਼ੇਸ਼ ਤੌਰ ਉਤੇ ਪਿੰਡ ਪੁੱਜੇ। ਇਸ ਮੌਕੇ ਉਨਾਂ ਅੰਮ੍ਰਿਤਸਰ ਤੋਂ ਚੇਤਨਪੁਰਾ ਨੂੰ ਜਾਂਦੀ ਸੜਕ ਬਨਾਉਣ ਨਿਕਟ ਭਵਿੱਖ ਵਿਚ ਹੀ ਬਨਾਉਣ ਦਾ ਐਲਾਨ ਕਰਦੇ ਕਿਹਾ ਕਿ ਖਸਤਾ ਹੋ ਚੁੱਕੀ ਸੜਕ ਦੀ ਪਿਛਲੇ 20 ਸਾਲ ਤੋਂ ਕਿਸੇ ਨੇ ਸਾਰ ਨਹੀਂ ਲਈ ਅਤੇ ਹੁਣ ਮੈਂ ਇਸ ਬਾਬਤ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਕੈਬਿਨਟ ਮੰਤਰੀ ਲੋਕ ਨਿਰਮਾਣ ਵਿਭਾਗ ਸ. ਹਰਭਜਨ ਸਿੰਘ ਈ ਟੀ ਓ ਨਾਲ ਗੱਲਬਾਤ ਕੀਤੀ ਹੈ ਅਤੇ ਛੇਤੀ ਹੀ ਇਸ ਸੜਕ ਨੂੰ ਪਾਸ ਕਰਵਾਇਆ ਜਾਵੇਗਾ, ਜਿਸ ਨਾਲ ਨਵੀਂ ਸੜਕ ਬਣ ਸਕੇਗੀ। ਉਨਾਂ ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਬੱਸ ਦੇਸ਼ ਭਗਤਾਂ ਦੇ ਪਿੰਡ ਚੇਤਨਪੁਰਾ ਵਿਖੇ ਬੱਸ ਅੱਡੇ ਬਨਾਉਣ ਦੀ ਮੰਗ ਵੀ ਮੰਨੀ ਅਤੇ ਕਿਹਾ ਕਿ ਇਸ ਦਾ ਕੰਮ ਵੀ ਛੇਤੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਮੈਂ ਇਸ ਦਾ ਪੈਸਾ ਆਪਣੇ ਅਖਤਿਆਰੀ ਫੰਡ ਵਿਚੋਂ ਦੇ ਦਿਆਂਗਾ। ਕੈਬਨਿਟ ਮੰਤਰੀ ਸ. ਧਾਲੀਵਾਲ ਨੇ ਲੰਮੇ ਸਮੇਂ ਤੋਂ ਪਿੰਡ ਨੂੰ ਆ ਰਹੀਆਂ ਤਿੰਨ ਫੇਜ਼ ਦੀਆਂ ਬਿਜਲੀ ਲਾਇਨਾਂ ਦੀ ਸ਼ਿਕਾਇਤ ਸੁਣੀ ਤੇ ਇਸ ਬਾਬਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪਹਿਲ ਦੇ ਅਧਾਰ ਉਤੇ ਇਹ ਲਾਇਨਾਂ ਬਦਲਣ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਸਾਰੇ ਕੰਮ ਲੋਕਾਂ ਦੀ ਮੰਗ ਅਤੇ ਲੋੜ ਅਨੁਸਾਰ ਕਰਵਾਉਣੇ ਸਾਡਾ ਧਰਮ ਹੈ, ਜਿਸ ਨੂੰ ਸੁਣਨ ਤੇ ਸਮਝਣ ਵਾਸਤੇ ਅੱਜ ਮੈਂ ਚੇਤਨਪੁਰਾ ਵਾਸੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਾਰੇ ਕੰਮ ਇਕ ਇਕ ਕਰਕੇ ਪੂਰੇ ਕਰਵਾ ਦਿੱਤੇ ਜਾਣਗੇ।
ਅੰਮ੍ਰਿਤਸਰ ਤੋਂ ਚੇਤਨਪੁਰਾ ਸੜਕ ਨਿਕਟ ਭਵਿੱਖ ਵਿਚ ਬਣਾਈ ਜਾਵੇਗੀ-ਧਾਲੀਵਾਲ


