ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਸਰੋਂ ਦੀ ਕਾਸ਼ਤ ਲਈ ਕੀਤਾ ਪ੍ਰੇਰਿਤ

Fatehgarh Sahib Politics Punjab

ਫ਼ਤਿਹਗੜ੍ਹ ਸਾਹਿਬ, 19 ਫਰਵਰੀ 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੇੜਾ ਬਲਾਕ ਦੇ ਪਿੰਡ ਰਾਮਪੁਰ ਵਿਖੇ ਸਰ੍ਹੋਂ ਦੀਆਂ ਸੁਧਰੀਆਂ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਸਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਿੰਡ ਦੇ ਲਗਭਗ 50 ਕਿਸਾਨਾਂ ਨੇ ਭਾਗ ਲਿਆ। 

            ਇਸ ਸਿਖਲਾਈ ਪ੍ਰੋਗਰਾਮ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ: ਵਿਪਨ ਕੁਮਾਰ ਰਾਮਪਾਲ ਨੇ ਦੱਸਿਆ ਕਿ ਹਾੜ੍ਹੀ ਰੁੱਤ ਦੌਰਾਨ ਪੀਲੀ ਕ੍ਰਾਂਤੀ ਭਾਵ ਸਰੋਂ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਰਾਮਪੁਰ ਦੇ ਕਿਸਾਨਾਂ ਦੇ ਖੇਤਾਂ ਵਿੱਚ ਗੋਭੀ ਸਰੋਂ ਦੀ ਕਨੋਲਾ ਕਿਸਮ ਜੀ.ਐਸ.ਸੀ.-7 ਦੇ 40 ਪ੍ਰਦਰਸ਼ਨੀ ਪਲਾਟ ਲਗਵਾਏ ਗਏ ਹਨ। ਕਨੋਲਾ ਸਰੋਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਨੋਲਾ ਕਿਸਮਾਂ ਦੇ ਤੇਲ ਵਿੱਚ ਇਰੁਸਿਕ ਏਸਿਡ 2 ਫੀਸਦੀ ਤੋਂ ਘੱਟ ਅਤੇ ਖਲ਼ ਵਿੱਚ ਗਲੁਕੋਸਿਨੋਲੇਟਸ ਦੀ ਮਾਤਰਾ 30 ਮਾਈਕਰੋਮੋਲ ਤੋਂ ਘੱਟ ਹੁੰਦੀ ਹੈ। ਇਨ੍ਹਾਂ ਗੁਣਾਂ ਕਾਰਨ ਕਨੋਲਾ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਅਤੇ ਖਲ਼ ਪਸ਼ੂਆਂ ਦੀ ਖੁਰਾਕ ਲਈ ਬਹੁਤ ਵਧੀਆ ਮੰਨਿਆਂ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਗੋਭੀ ਸਰੋਂ ਅਤੇ ਰਾਇਆ ਸਰੋਂ ਦੀਆਂ ਕਨੋਲਾ ਗੁਣਾਂ ਵਾਲੀਆਂ ਕੁੱਲ 6 ਹਾਈਬ੍ਰਿਡ ਕਿਸਮਾਂ ਸਿਫਾਰਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਕਿਸਾਨਾਂ ਨੂੰ ਗੋਭੀ ਸਰੋਂ ਦੀ ਜੀ.ਐਸ.ਸੀ.-7 ਕਿਸਮ ਦਾ ਤੇਲ ਕਢਵਾ ਕੇ ਘਰੇਲੂ ਵਰਤੋਂ ਕਰਨ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਫਲਾਂ ਅਤੇ ਸਬਜ਼ੀਆਂ ਵਿੱਚ ਲੋੜ ਅਨੁਸਾਰ ਖੁਰਾਕੀ ਤੱਤਾਂ ਦੇ ਸਪਰੇਅ ਕਰਨ ਅਤੇ ਕਾਸ਼ਤਕਾਰੀ ਖਰਚੇ ਘਟਾਉਣ ਬਾਰੇ ਵੀ ਦੱਸਿਆ।

          ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਭੂਮੀ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ: ਅਜੈ ਕੁਮਾਰ ਨੇ ਮਿੱਟੀ ਦੀ ਸਿਹਤ ਸੁਧਾਰ ਸਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਣਕ ਦੀ ਫਸਲ ਵਿੱਚ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਅਤੇ ਵੱਧ ਝਾੜ ਲੈਣ ਲਈ 2 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ (13::0:45) ਦੀ ਵਰਤੋਂ ਬਾਰੇ ਵੀ ਦੱਸਿਆ।

          ਸਹਾਇਕ ਪ੍ਰੋਫੈਸਰ (ਬਾਗਬਾਨੀ) ਡਾ: ਅਰਵਿੰਦਪ੍ਰੀਤ ਕੌਰ ਨੇ ਅੰਤਰ ਫਸਲਾਂ ਦੀ ਖੇਤੀ ਨਾਲ ਹੋਣ ਵਾਲੇ ਮੁਨਾਫੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਖੇਤੀ ਵਿਭਿੰਨਤਾ ਨੂੰ ਟਿਕਾਊ ਬਣਾਉਣ ਵਿੱਚ ਸਹਾਇਕ ਸਾਬਤ ਹੋ ਸਕਦੀ ਹੈ। ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜ ਕੇ ਵਿਗਿਆਨਕ ਖੇਤੀ ਲਈ ਗਿਆਨ ਪ੍ਰਾਪਤ ਕਰਨ ਅਤੇ ਕਿੱਤਾ ਮੁਖੀ ਸਿਖਲਾਈ ਕੋਰਸਾਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ। ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ: ਜੀ.ਪੀ.ਐਸ. ਸੇਠੀ ਨੇ ਪਸ਼ੂਆਂ ਦੀ ਸਿਹਤ ਸਬੰਧੀ ਜਾਣਕਾਰੀ ਦਿੰਦਿਆਂ ਸਰੋਂ ਦੀ ਖਲ਼ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਕੈਂਪ ਵਿੱਚ ਹਾਜਰ ਕਿਸਾਨਾਂ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੀ ਦੇਖ-ਭਾਲ ਅਤੇ ਹੋਰ ਖੇਤੀ ਸਮੱਸਿਆਵਾਂ ਸਬੰਧੀ ਸਵਾਲ ਕੀਤੇ ਜਿਨ੍ਹਾਂ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਰਾਂ ਵੱਲੋਂ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ।

Leave a Reply

Your email address will not be published. Required fields are marked *