ਮਾਨਸਾ, 13 ਫਰਵਰੀ :
ਆਗਾਮੀ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 2025 ਦੇ ਮੱਦੇਨਜ਼ਰ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਕੁਮਾਰ ਜੈਨ ਆਈ.ਏ.ਐਸ. ਵੱਲੋਂ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਉਲੀਕੇ ਪ੍ਰੋਗਰਾਮ ਤਹਿਤ ਅੱਜ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਸਾਲ 15 ਅਕਤੂਬਰ 2024 ਨੂੰ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਦੌਰਾਨ ਯੋਗਤਾ ਮਿਤੀ 30 ਅਗਸਤ 2024 ਦੇ ਮੁਤਾਬਿਕ 04 ਸਤੰਬਰ 2024 ਨੂੰ ਜੋ ਵੋਟਰ ਸੂਚੀਆਂ ਪਬਲਿਸ਼ ਕੀਤੀਆਂ ਗਈਆਂ ਸਨ, ਉਨ੍ਹਾਂ ਵੋਟਰ ਸੂਚੀਆਂ ਨੂੰ ਹੀ ਆਧਾਰ ਮੰਨ ਕੇ ਅੱਪਡੇਟ ਕਰਨ ਉਪਰੰਤ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ 2025 ਦੀਆਂ ਚੋਣਾਂ ਲਈ ਵਰਤਿਆ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਵਰਤੀ ਜਾਣ ਵਾਲੀ ਵੋਟਰ ਸੂਚੀ ਲਈ ਯੋਗਤਾ ਮਿਤੀ 01 ਮਾਰਚ 2025 ਨਿਸਚਿਤ ਕੀਤੀ ਗਈ ਹੈ। ਐਕਟ ਦੀ ਧਾਰਾ 28 ਮੁਤਾਬਿਕ ਅਜਿਹਾ ਵਿਅਕਤੀ ਜੋ ਕਿ ਯੋਗਤਾ ਮਿਤੀ 01 ਮਾਰਚ 2025 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੋਵੇ ਅਤੇ ਸਬੰਧਤ ਗ੍ਰਾਮ ਪੰਚਾਇਤ ਦਾ ਆਮ ਨਿਵਾਸੀ ਹੋਵੇ, ਨਿਰਧਾਰਿਤ ਫਾਰਮ ਭਰਕੇ ਆਪਣੀ ਵੋਟ ਬਣਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਇਨ੍ਹਾਂ ਵੋਟਰ ਸੂਚੀਆਂ ਦੀ ਸ਼ੁਧਾਈ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਗ੍ਰਾਮ ਪੰਚਾਇਤ ਚੋਣਾਂ-2024 ਦੌਰਾਨ ਵਰਤੀਆਂ ਗਈਆਂ ਵੋਟਰ ਸੂਚੀਆਂ ਦੇ ਅਧਾਰ ’ਤੇ ਪਹਿਲਾਂ ਤਿਆਰ ਕੀਤੀ ਗਈ ਵੋਟਰ ਸੂਚੀ ਦੀ ਡਰਾਫਟ ਪਬਲੀਕੇਸ਼ਨ 10 ਫਰਵਰੀ 2025 ਨੂੰ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ ਦਾ ਕੰਮ 11 ਫਰਵਰੀ 2025 ਤੋਂ ਸ਼ੁਰੂ ਹੋ ਚੁੱਕਾ ਹੈ ਅਤੇ 18 ਫਰਵਰੀ 2025 ਤੱਕ ਦਾਇਰ ਕੀਤੇ ਜਾ ਸਕਦੇ ਹਨ। ਫਾਰਮ ਨੰਬਰ 1 (ਨਵੀਂ ਵੋਟ), ਫਾਰਮ ਨੰਬਰ 2 (ਵੋਟ ਕੱਟਣ ਲਈ) ਅਤੇ ਫਾਰਮ ਨੰਬਰ 3 (ਵੋਟ ਦੇ ਵੇਰਵਿਆਂ ਵਿੱਚ ਦਰੁਸਤੀ ਕਰਨ ਲਈ) ਭਰਨ ਲਈ ਸਪੈਸ਼ਲ ਮੁਹਿੰਮ 14 ਫਰਵਰੀ 2025 ਅਤੇ 15 ਫਰਵਰੀ 2025 ਨੂੰ ਪਿੰਡਾਂ ਵਿੱਚ ਚਲਾਈ ਜਾਵੇਗੀ। ਉਕਤ ਸ਼ਡਿਊਲ ਅਨੁਸਾਰ ਆਮ ਜਨਤਾ ਫਾਰਮ ਨੰਬਰ 1, 2 ਅਤੇ 3 ਭਰ ਕੇ ਸਬੰਧਤ ਬੀ.ਡੀ.ਪੀ.ਓ./ਪੰਚਾਇਤ ਸਕੱਤਰ ਨੂੰ ਦੇ ਸਕਦੀ ਹੈ।
01 ਮਾਰਚ 2025 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਵਿਅਕਤੀ ਵੋਟ ਬਣਵਾ ਸਕਦਾ ਹੈ-ਐਸ.ਡੀ.ਐਮ.


