ਤੇਲ ਬੀਜ਼ ਫ਼ਸਲਾਂ ਦੀ ਕਾਸ਼ਤ ਸਬੰਧੀ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ

Mansa Politics Punjab

ਮਾਨਸਾ, 25 ਜਨਵਰੀ:
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਤੇਲ ਬੀਜ਼ ਫਸਲਾਂ ਦੀ ਕਾਸ਼ਤ ਬਾਬਤ ਜ਼ਿਲ੍ਹਾ ਮਾਨਸਾ ਦੇ ਬਲਾਕ ਝੁਨੀਰ ਦੇ ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਸਾਨਾਂ ਦਾ ਸਵਾਗਤ ਕਰਦਿਆਂ ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਡਾ. ਰਣਵੀਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਸੀ.ਐੱਫ.ਐੱਲ.ਡੀ. ਆਨ ਆਇਲ ਸੀਡ (ਤੇਲ ਬੀਜ਼ ਫ਼ਸਲਾਂ) ਸਕੀਮ ਦੇ ਤਹਿਤ ਹਰ ਸਾਲ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਹਾੜ੍ਹੀ ਦੇ ਤੇਲ ਬੀਜ਼ ਫ਼ਸਲਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਹੀ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ’ਚ 125 ਏਕੜ ਦੇ ਰਕਬੇ ਉੱਪਰ ਸਰ੍ਹੋਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਵੱਲੋਂ ਇੰਨ੍ਹਾਂ ਪ੍ਰਦਰਸ਼ਨੀਆਂ ਵਿੱਚ ਸੁਚੱਜੇ ਕੀਟ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਮੌਸਮ ਵਿਚ ਪਾਰੇ ਦੇ ਵਾਧੇ ਦੇ ਮੱਦੇਨਜ਼ਰ ਸਰ੍ਹੋਂ ਦੀ ਫ਼ਸਲ ਦੇ ਚੇਪੇ ਦੇ ਸੁੱਚਜੇ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸਹਾਇਕ ਪ੍ਰੋਫੈਸਰ (ਭੂਮੀ ਅਤੇ ਪਾਣੀ ਇੰਜਨੀਅਰਿੰਗ), ਇੰਜ. ਅਲੋਕ ਗੁਪਤਾ ਨੇ ਸਰ੍ਹੋਂ ਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਸਰ੍ਹੋਂ ਦਾ ਤੇਲ ਕੋਲਡ ਪ੍ਰੈਸ ਰਾਹੀਂ ਆਪ ਕੱਢ ਕੇ ਤੇ ਉਸਦਾ ਮੰਡੀਕਰਨ ਕਰਨ ਲਈ ਪ੍ਰੇਰਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਸਾਨਾਂ ਨੂੰ ਸਰ੍ਹੋਂ ਹੇਠ ਰਕਬਾ ਵਧਾਉਣ ਲਈ ਪ੍ਰੇਰਿਆ ਅਤੇ ਇੱਕਠੇ ਹੋ ਕੇ ਸਰ੍ਹੋਂ ਦੀ ਪ੍ਰੋਸੈਸਿੰਗ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਉਨ੍ਹਾਂ ਕੇ.ਵੀ.ਕੇ.,ਬਠਿੰਡਾਂ ਵੱਲੋਂ ਸ਼ੁਰੂ ਕੀਤੇ ਕਿਸਾਨਾਂ ਦੇ ਐਫ.ਪੀ.ਓ. ਬਾਰੇ ਦੱਸਿਆ, ਜਿਸ ਵਿਚ ਸਰ੍ਹੋਂ ਵਾਲੇ ਕਿਸਾਨ ਆਪਣੀ ਫ਼ਸਲ ਨੂੰ ਵਾਜ਼ਿਬ ਮੁੱਲ ’ਤੇ ਕੇ.ਵੀ.ਕੇ, ਬਠਿੰਡਾ ਵਿਖੇ ਸਥਿਤ ਪ੍ਰੋਸੈਸਿੰਗ ਯੂਨਿਟ ਰਾਂਹੀ ਪ੍ਰੋਸੈਸ ਅਤੇ ਪੈਕ ਕਰਵਾ ਕੇ ਚੰਗਾ ਮੁਨਾਫ਼ਾ ਖੱਟ ਰਹੇ ਹਨ।
ਸਮਾਗਮ ਦੇ ਅਖ਼ੀਰ ਵਿੱਚ ਡਾ. ਤੇਜਪਾਲ ਸਿੰਘ ਸਰਾਂ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ,ਬਾਗਬਾਨੀ) ਨੇ ਤੇਲ ਬੀਜ ਫ਼ਸਲਾਂ ਵਿੱਚ ਸੁਚੱਜੇ ਖਾਦ ਪ੍ਰਬੰਧਨ ’ਤੇ ਚਾਨਣਾ ਪਾਇਆ ਅਤੇ ਨਾਲ ਹੀ ਅੱਗੇ ਆਉਣ ਵਾਲੀ ਗਰਮੀ ਦੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਬਾਰੇ ਜ਼ਰੂਰੀ ਨੁਕਤੇ ਵੀ ਸਾਂਝੇ ਕੀਤੇ। ਉਨ੍ਹਾਂ ਕਿਸਾਨਾਂ ਨੂੰ ਤੇਲ ਬੀਜ਼ ਫਸਲਾਂ ਅਤੇ ਉਸਦੀ ਪ੍ਰੋਸੈਸਿੰਗ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਲਈ ਕਿਸਾਨਾਂ ਨੂੰ ਭਾਰਤ ਦੇ ਖਾਣ ਵਾਲੇ ਤੇਲ ਦੇ ਨਿਰਯਾਤ ਦੀ ਮਾਤਰਾ ਬਾਰੇ ਦੱਸਿਆ। ਕਿਸਾਨਾਂ ਨੂੰ ਤੇਲ ਬੀਜ਼ ਫ਼ਸਲਾਂ ਦੀ ਸਕੀਮ ਦੇ ਅਧੀਨ ਖਾਦਾਂ ਅਤੇ ਖੇਤੀ ਸਾਹਿਤ ਵੀ ਵੰਡਿਆ ਗਿਆ।

Leave a Reply

Your email address will not be published. Required fields are marked *