ਫ਼ਰੀਦਕੋਟ 12 ਅਪ੍ਰੈਲ,2024
ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਜਿਲ੍ਹਾ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਦੀ ਯੋਗ ਅਗਵਾਈ ਹੇਠ ਪਿੰਡ ਖਾਰਾ ਵਿਖੇ ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਿਨ ਕੀਤਾ ਗਿਆ।
ਕੈਂਪ ਦੌਰਾਨ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਵੱਲੋ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸਾਨ ਖੇਤਾਂ ਵਿੱਚ ਪਈਆਂ ਛਿਟੀਆਂ ਦੇ ਢੇਰਾਂ ਨੂੰ ਤੁਰੰਤ ਖਤਮ ਕਰਨ। ਕਿਉਕਿ ਇਹਨਾਂ ਛਿਟੀਆਂ ਦੇ ਢੇਰਾਂ ਵਿੱਚ ਗੁਲਾਬੀ ਸੁੰਡੀ ਜਿੰਦਾ ਹਾਲਤ ਵਿੱਚ ਪਾਈ ਜਾ ਰਹੀ ਹੈ ਜੋ ਕਿ ਮੌਸਮ ਦੇ ਜਿਆਦਾ ਗਰਮ ਹੋਣ ਨਾਲ ਆਪਣੀ ਜਨ ਸੰਖਿਆ ਵਿੱਚ ਹੋਰ ਵੀ ਵਾਧਾ ਕਰੇਗੀ, ਜਿਸ ਨਾਲ ਨਰਮੇ ਦੀ ਫਸਲ ਦਾ ਨੁਕਸਾਨ ਹੁੰਦਾ ਹੈ। ਇਸ ਲਈ ਕਿਸਾਨ ਛਿਟੀਆਂ ਦੇ ਢੇਰਾਂ ਨੂੰ ਤੁਰੰਤ ਖਤਮ ਕਰਨ ਜਾ ਖੇਤਾਂ ਵਿੱਚੋ ਝਾੜ ਕੇ ਬਾਕੀ ਰਹਿੰਦ ਖੂੰਹਦ ਨੂੰ ਨਸ਼ਟ ਕਰ ਦੇਣ। ਇਸ ਤੋ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਨਰਮੇ ਦੀ ਫਸਲ ਦੇ ਬੀਜ ਦੀ ਖਰੀਦ ਕਰਨ ਸਮੇ ਕਿਸਾਨ ਪੱਕੇ ਬਿੱਲ ਜਰੂਰ ਲੈਣ।
ਕੈਂਪ ਦੌਰਾਨ ਡਾ. ਜਸਵੰਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਹਰੀ ਨੌ ਵੱਲੋਂ ਕਿਸਾਨਾਂ ਨੂੰ ਝੌਨੇ ਦੀ ਫਸਲ ਸਬੰਧੀ ਅਗਾਊ ਪ੍ਰਬੰਧ ਕਰਨ ਲਈ ਕਿਹਾ ਗਿਆ ਕਿ ਕਿਸਾਨ ਝੋਨੇ ਦੀਆਂ ਪ੍ਰਮਾਣਿਤ ਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨ ਤੇ ਕਣਕ ਦੀ ਫਸਲ ਦੀ ਵਾਢੀ ਤੋ ਬਾਅਦ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਪਰਖ ਜਰੂਰ ਕਰਵਾਉਣ।
ਉਹਨਾ ਕਿਹਾ ਕਿ ਕਿਸਾਨ ਕੁਦਰਤੀ ਸਰੋਤ ਪਾਣੀ ਦੀ ਬੱਚਤ ਕਰਨ ਤੇ ਝੋਨੇ ਦੀ ਸਿੱਧੀ ਬਿਜਾਈ ਵੱਲ ਜਰੂਰ ਮੁੜਨ ਤਾ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ।
ਇਸ ਕੈਂਪ ਦਾ ਸੁਮੱਚਾ ਪ੍ਰਬੰਧ ਡਾ. ਜਗਮੀਤ ਸਿੰਘ ਬੀ.ਟੀ.ਐਮ ਵੱਲੋ ਕੀਤਾ ਗਿਆ ਇਸ ਕੈਂਪ ਵਿੱਚ ਕਿਸਾਨ ਗੁਰਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ ,ਕਾਕਾ ਬਰਾੜ,ਪ੍ਰਭਕਰਨਜੀਤ ਸਿੰਘ ਤੇ ਪਰਨਾਮ ਸਿੰਘ ਸਮੇਤ 61 ਕਿਸਾਨ ਹਾਜਰ ਸਨ।