ਸਹਾਇਕ ਲੇਬਰ ਕਮਿਸ਼ਨਰ ਤੇ ਉਸਦੀ ਕੰਪਿਊਟਰ ਅਪ੍ਰੇਟਰ ਖ਼ਿਲਾਫ਼ 30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ

Politics Punjab


ਚੰਡੀਗੜ੍ਹ 10 ਨਵੰਬਰ 2024 
– ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਹਰਪ੍ਰੀਤ ਸਿੰਘ ਪੀ.ਸੀ.ਐਸ., ਸਹਾਇਕ ਲੇਬਰ ਕਮਿਸ਼ਨਰ ਹੁਸਿ਼ਆਰਪੁਰ ਤੇ ਉਸਦੇ ਦਫ਼ਤਰ ਵਿੱਚ ਤਾਇਨਾਤ ਅਲਕਾ ਸ਼ਰਮਾ, ਕੰਪਿਊਟਰ ਅਪ੍ਰੇਟਰ ਖ਼ਿਲਾਫ਼ 30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਕੰਪਿਊਟਰ ਅਪ੍ਰੇਟਰ ਅਲਕਾ ਸ਼ਰਮਾ ਨੂੰ 30,000 ਰੁਪਏ ਦੀ ਰਿਸ਼ਵਤ ਲੈੰਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਜਿਸ ਨੂੰ ਸਥਾਨਕ ਅਦਾਲਤ ਨੇ 14 ਦਿਨਾਂ ਦੇ ਨਿਆਂਇਕ ਰਿਮਾਂਡ ਤਹਿਤ ਜੇਲ੍ਹ ਭੇਜ ਦਿੱਤਾ ਹੈ। ਦੂਸਰਾ ਮੁਲਜ਼ਮ ਹਰਪ੍ਰੀਤ ਸਿੰਘ ਪੀ.ਸੀ.ਐਸ. ਫਰਾਰ ਹੋ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਸ਼ਿਕਾਇਤਕਰਤਾ ਤੇ ਦੁਕਾਨਦਾਰ ਰੋਹਿਤ ਚੌਹਾਨ, ਕਸ਼ਮੀਰੀ ਬਜਾਰ, ਹੁਸਿ਼ਆਰਪੁਰ ਦੀ ਸ਼ਿਕਾਇਤ ਦੇ ਅਧਾਰ ਉਤੇ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਹ ਸੁਨਿਆਰੇ ਦੀ ਦੁਕਾਨ ਕਰਦਾ ਹੈ ਤੇ ਉਸ ਵੱਲੋਂ ਆਪਣੀ ਦੁਕਾਨ ਨੂੰ ਰੈਨੋਵੇਟ ਕੀਤਾ ਸੀ। ਇਸ ਸਬੰਧ ਵਿੱਚ ਉਸ ਨੂੰ ਸਹਾਇਕ ਲੇਬਰ ਕਮਿਸ਼ਨਰ, ਹੁਸਿ਼ਆਰਪੁਰ ਦੇ ਦਫਤਰ ਤੋਂ ਇਕ ਨੋਟਿਸ ਪ੍ਰਾਪਤ ਹੋਇਆ ਸੀ। ਇਸ ਸਬੰਧ ਵਿੱਚ ਜਦੋਂ ਉਹ ਸਹਾਇਕ ਲੇਬਰ ਕਮਿਸ਼ਨਰ ਦਫਤਰ ਵਿਖੇ ਗਿਆ ਤਾਂ ਉਸਨੂੰ ਉਕਤ ਦੋਸ਼ਣ ਅਲਕਾ ਸ਼ਰਮਾ, ਕੰਪਿਊਟਰ ਅਪ੍ਰੇਟਰ ਨੇ ਕਿਹਾ ਕਿ ਤੁਹਾਨੂੰ ਜੁਰਮਾਨਾ ਬਹੁਤ ਪੈ ਜਾਣਾ ਪਰ ਮੈਂ ਇਹ ਨੋਟਿਸ ਆਪਣੇ ਅਫਸਰ ਹਰਪ੍ਰੀਤ ਸਿੰਘ ਸਹਾਇਕ ਲੇਬਰ ਕਮਿਸ਼ਨਰ ਨਾਲ ਗੱਲ ਕਰਕੇ ਰਫਾ-ਦਫਾ ਕਰਵਾ ਦੇਵੇਗੀ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਮੌਕੇ ਅਲਕਾ ਸ਼ਰਮਾ ਉਕਤ ਨੋਟਿਸ ਲੈ ਕੇ ਹਰਪ੍ਰੀਤ ਸਿੰਘ ਸਹਾਇਕ ਲੇਬਰ ਕਮਿਸ਼ਨਰ ਦੇ ਕਮਰੇ ਵਿੱਚ ਚਲੀ ਗਈ ਅਤੇ ਕੁੱਝ ਦੇਰ ਬਾਅਦ ਉਸਨੇ ਸ਼ਿਕਾਇਤਕਰਤਾ ਨੂੰ ਵੀ ਕਮਰੇ ਅੰਦਰ ਬੁਲਾ ਲਿਆ ਜਿੱਥੇ ਉਕਤ ਮੁਲਜ਼ਮ ਹਰਪ੍ਰੀਤ ਸਿੰਘ ਪੀ.ਸੀ.ਐਸ. ਵੱਲੋਂ ਉਕਤ ਨੋਟਿਸ ਫਾਈਲ ਕਰਨ ਬਦਲੇ ਸਿ਼ਕਾਇਤਕਰਤਾ ਪਾਸੋਂ 30,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾ ਵੱਲੋਂ ਰਿਸ਼ਵਤ ਦੀ ਮੰਗ ਸਬੰਧੀ ਹੋਈ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਗਈ ਜੋ ਉਸ ਨੇ ਵਿਜੀਲੈਂਸ ਬਿਊਰੋ ਨੂੰ ਬਤੌਰ ਸਬੂਤ ਪੇਸ਼ ਕੀਤੀ ਗਈ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਉਰੋ ਦੀ ਟੀਮ ਗਠਿਤ ਕਰਕੇ, ਸਮੇਤ ਮੁੱਦਈ, ਸਰਕਾਰੀ ਸ਼ੈਡੋ ਗਵਾਹ ਅਤੇ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਟਰੈਪ ਲਗਾਇਆ ਗਿਆ ਜਿਸ ਦੌਰਾਨ ਉਕਤ ਅਲਕਾ ਸ਼ਰਮਾ, ਕੰਪਿਊਟਰ ਅਪ੍ਰੇਟਰ, ਨੂੰ ਸ਼ਿਕਾਇਤਕਰਤਾ ਪਾਸੋਂ 30,000 ਦੀ ਰਿਸ਼ਵਤ ਲੈੰਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਪਰ ਹਰਪ੍ਰੀਤ ਸਿੰਘ ਸਹਾਇਕ ਲੇਬਰ ਕਮਿਸ਼ਨਰ, ਹੁਸਿ਼ਆਰਪੁਰ ਮੌਕੇ ਪਰ ਦਫਤਰ ਨਹੀਂ ਮਿਲਿਆ।
ਉੱਨਾਂ ਦੱਸਿਆ ਕਿ ਇਸ ਸਬੰਧੀ ਵਿੱਚ ਉਕਤ ਦੋਵੇਂ ਮੁਲਾਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਹਰਪ੍ਰੀਤ ਸਿੰਘ ਪੀ.ਸੀ.ਐਸ. ਸਹਾਇਕ ਲੇਬਰ ਕਮਿਸ਼ਨਰ ਹੁਸਿ਼ਆਰਪੁਰ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਠਿਕਾਣਿਆਂ ਤੇ ਦਬਿਸ਼ ਦਿੱਤੀ ਜਾ ਰਹੀ ਹੈ। ਇਸ ਮੁਕੱਦਮੇ ਦੀ ਹੋਰ ਤਫਤੀਸ਼ ਜਾਰੀ ਹੈ।