ਚੰਡੀਗੜ੍ਹ, 22 ਅਕਤੂਬਰ:
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਜਲਾਲਾਬਾਦ ਦੇ ਮਾਲ ਹਲਕਾ ਚੱਕ ਜਾਨੀਸਰ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਗੁਰਦੀਪ ਸਿੰਘ ਖਿਲਾਫ 3,000 ਰੁਪਏ ਰਿਸ਼ਵਤ ਦੀ ਮੰਗਣ ਅਤੇ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮਾਲ ਪਟਵਾਰੀ ਵਿਰੁੱਧ ਇਹ ਮੁਕੱਦਮਾ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਸਨੀਕ ਧਰਮਜੀਤ ਸਿੰਘ ਬੇਦੀ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਗੱਲ ਸਾਬਤ ਹੋਈ ਕਿ ਉਕਤ ਮੁਲਜ਼ਮ ਨੇ ਬਿਨੈਕਾਰ ਸ਼ਿੰਦਰ ਕੌਰ ਵਾਸੀ ਸ੍ਰੀ ਮੁਕਤਸਰ ਸਾਹਿਬ ਤੋਂ ਜਮਾਂਬੰਦੀ ਦੀਆਂ ਨਕਲਾਂ ਦੇਣ ਬਦਲੇ 5,000 ਰੁਪਏ ਦੀ ਮੰਗ ਕੀਤੀ ਸੀ ਅਤੇ ਇਸ ਮੰਤਵ ਲਈ 3,000 ਰੁਪਏ ਬਤੌਰ ਰਿਸ਼ਵਤ ਵਜੋਂ ਹਾਸਲ ਕੀਤੇ ਸਨ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਸਬੰਧੀ ਪਟਵਾਰੀ ਨਾਲ ਹੋਈ ਗੱਲਬਾਤ ਰਿਕਾਰਡ ਕਰਕੇ ਉਕਤ ਐਕਸ਼ਨ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਜਾਂਚ ਤੋਂ ਬਾਅਦ ਉਕਤ ਦੋਸ਼ੀ ਪਟਵਾਰੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵਿਜੀਲੈਂਸ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
3000 ਰੁਪਏ ਰਿਸ਼ਵਤ ਲੈਣ ਵਾਲੇ ਪਟਵਾਰੀ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ


